ਧੂਰੀ, 13 ਜੂਨ (ਲਖਵੀਰ ਸਿੰਘ ਧਾਂਦਰਾ) - 5994 ਕਾਡਰ ਈ.ਟੀ.ਟੀ. ਅਧਿਆਪਕਾਂ 'ਚੋਂ ਰਹਿੰਦੇ 2994 ਬੈਕਲਾਗ ਅਧਿਆਪਕਾਂ ਦੀ ਭਰਤੀ ਦਾ ਨੋਟੀਫ਼ਿਕੇਸ਼ਨ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਸਥਾਨਕ ਟੈਲੀਫ਼ੋਨ ਐਕਸਚੇਂਜ ਵਿੱਚ ਸਥਿਤ ਇੱਕ ਉੱਚੇ ਮੋਬਾਇਲ ਟਾਵਰ 'ਤੇ ਚੜਿ੍ਹਆ ਬੇਰੁਜ਼ਗਾਰ ਅਧਿਆਪਕ ਹਰਜੀਤ ਸਿੰਘ ਬਰਨਾਲਾ ਅੱਜ ਪੰਜਵੇਂ ਦਿਨ ਵੀ ਲਗਾਤਾਰ ਉੱਪਰ ਹੀ ਡਟਿਆ ਰਿਹਾ | ਅਸਮਾਨੋਂ ਵਰ੍ਹਦੀ ਤਪਦੀ-ਕੜਕਦੀ ਗਰਮੀ ਅਤੇ ਬੀਤੀ ਰਾਤ ਆਏ ਤੇਜ਼ ਝੱਖੜ-ਮੀਂਹ ਦੇ ਬਾਵਜੂਦ, ਹਰਜੀਤ ਸਿੰਘ ਨੇ ਆਪਣਾ ਹੌਸਲਾ ਪ੍ਰਚੰਡ ਰੱਖਿਆ ਅਤੇ ਮੋਰਚੇ 'ਤੇ ਅਡੋਲ ਖੜ੍ਹਾ ਰਿਹਾ | ਆਪਣੇ ਸਾਥੀ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਦੇਖਦਿਆਂ ਅਤੇ ਸਰਕਾਰ ਦੇ ਵਤੀਰੇ ਤੋਂ ਖ਼ਫ਼ਾ ਹੋ ਕੇ ਬੇਰੁਜ਼ਗਾਰ ਅਧਿਆਪਕਾਂ ਨੇ ਧੂਰੀ ਸ਼ਹਿਰ ਦੇ ਬਾਜ਼ਾਰਾਂ ਵਿੱਚ ਪੈਦਲ ਰੋਸ ਮਾਰਚ ਕੱਢਿਆ | ਹੱਥਾਂ ਵਿੱਚ ਮੰਗਾਂ ਦੀਆਂ ਤਖ਼ਤੀਆਂ ਫੜੀ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਸ਼ਹਿਰ ਨਿਵਾਸੀਆਂ ਨੇ ਵੀ ਅਧਿਆਪਕਾਂ ਦੇ ਇਸ ਸੰਘਰਸ਼ ਪ੍ਰਤੀ ਹਮਦਰਦੀ ਜਤਾਈ | ਇਹ ਰੋਸ ਮਾਰਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਗੁਜ਼ਰਦਾ ਹੋਇਆ ਅਖੀਰ ਮੁੱਖ ਮੰਤਰੀ ਦੇ ਕੈਂਪਸ ਦਫ਼ਤਰ ਵਿਖੇ ਪਹੁੰਚਿਆ, ਜਿੱਥੇ ਗ਼ੁੱਸੇ ਵਿੱਚ ਆਏ ਅਧਿਆਪਕਾਂ ਨੇ ਦਫ਼ਤਰ ਦੇ ਮੁੱਖ ਗੇਟ ਅੱਗੇ ਪੱਕਾ ਧਰਨਾ ਮਾਰ ਦਿੱਤਾ | ਯੂਨੀਅਨ ਮੈਂਬਰਾਂ ਨੇ ਕਿਹਾ ਕਿ ਸਰਕਾਰ ਘਰ-ਘਰ ਰੁਜ਼ਗਾਰ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਪਰ ਯੋਗਤਾ ਰੱਖਣ ਦੇ ਬਾਵਜੂਦ ਨੌਜਵਾਨਾਂ ਨੂੰ ਹੱਕਾਂ ਲਈ ਟਾਵਰਾਂ ਤੇ ਚੜ੍ਹਨਾ ਪੈ ਰਿਹਾ ਹੈ | ਜੇਕਰ ਹਰਜੀਤ ਸਿੰਘ ਦਾ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ, ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ | ਬੇਰੁਜ਼ਗਾਰਾਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ 2994 ਬੈਕਲਾਗ ਅਧਿਆਪਕਾਂ ਦੀ ਭਰਤੀ ਦਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ, ਇਹ ਸੰਘਰਸ਼ ਕਿਸੇ ਵੀ ਕੀਮਤ ਤੇ ਪਿੱਛੇ ਨਹੀਂ ਹਟੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਗੁਪਤ ਐਕਸ਼ਨਾਂ ਰਾਹੀਂ ਇਸ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਧੂਰੀ ਦੇ ਇੰਚਾਰਜ ਰਣਜੀਤ ਸਿੰਘ ਰੰਧਾਵਾ ਕਾਤਰੋਂ ਨੇ ਬੇਰੁਜ਼ਗਾਰ ਅਧਿਆਪਕ ਹਰਜੀਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਹਮਾਇਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਤੁਰੰਤ 2994 ਬੈਕਲਾਗ ਅਧਿਆਪਕਾਂ ਦੀ ਭਰਤੀ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇ |