ਸੰਗਰੂਰ, 13 ਜੂਨ (ਅਮਨਦੀਪ ਸਿੰਘ ਬਿੱਟਾ) - ਦੂਨ ਇੰਟਰਨੈਸ਼ਨਲ ਸਕੂਲ ਸੰਗਰੂਰ ਵਿਖੇ ਬੀਤੇ ਦਿਨੀਂ ਚੱਲ ਰਿਹਾ 13 ਰੋਜ਼ਾ ਸਮਰ ਕੈਂਪ ਬੜੀ ਧੂਮ-ਧਾਮ ਅਤੇ ਸ਼ਾਨਦਾਰ 'ਪੂਲ ਪਾਰਟੀ' ਨਾਲ ਸਮਾਪਤ ਹੋ ਗਿਆ | ਇਸ ਕੈਂਪ ਦੌਰਾਨ ਬੱਚਿਆਂ ਨੇ ਜਿੱਥੇ ਕਈ ਨਵੀਆਂ ਕਲਾਵਾਂ ਸਿੱਖੀਆਂ, ਉੱਥੇ ਹੀ ਆਖ਼ਰੀ ਦਿਨ ਪੂਲ ਪਾਰਟੀ ਦੌਰਾਨ ਗਰਮੀ ਦੇ ਮੌਸਮ ਦਾ ਭਰਪੂਰ ਆਨੰਦ ਮਾਣਿਆ | ਰੰਗ-ਬਿਰੰਗੇ ਕੱਪੜਿਆਂ ਵਿੱਚ ਸਜੇ ਬੱਚੇ ਪਾਣੀ ਵਿੱਚ ਖੇਡਦੇ ਅਤੇ ਡਾਂਸ ਕਰਦੇ ਨਜ਼ਰ ਆਏ | ਮਿਊਜ਼ਿਕ ਦੀਆਂ ਧੁਨਾਂ 'ਤੇ ਬੱਚਿਆਂ ਨੇ ਖ਼ੂਬ ਡਾਂਸ ਕੀਤਾ ਅਤੇ ਪਾਣੀ ਵਿੱਚ ਵਾਟਰ ਗੇਮਜ਼ ਖੇਡੀਆਂ | ਇਸ ਮੌਕੇ ਸਕੂਲ ਦੇ ਚੇਅਰਮੈਨ ਸ. ਅਜੀਤਇੰਦਰ ਸਿੰਘ ਮਾਨਸ਼ਾਹੀਆ, ਮੈਨੇਜਿੰਗ ਡਾਇਰੈਕਟਰ ਹਰਨੀਤ ਕੌਰ ਮਾਨਸ਼ਾਹੀਆ, ਡਾਇਰੈਕਟਰ ਅਨੁਰੂਪ ਜੌਹਲ ਅਤੇ ਪਿ੍ੰਸੀਪਲ ਅੰਜਲੀ ਸਿੱਧੂ ਨੇ ਕਿਹਾ ਕਿ ਅਜਿਹੇ ਕੈਂਪ ਬੱਚਿਆਂ ਅੰਦਰ ਛੁਪੇ ਹੁਨਰ ਨੂੰ ਬਾਹਰ ਲਿਆਉਣ ਅਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ | ਬੱਚੇ ਆਪਣੇ ਨਾਲ ਖ਼ੂਬਸੂਰਤ ਯਾਦਾਂ ਸਮੇਟ ਕੇ ਬੇਹੱਦ ਖ਼ੁਸ਼ੀ ਖ਼ੁਸ਼ੀ ਘਰਾਂ ਨੂੰ ਪਰਤੇ |