ਸੁਨਾਮ ਊਧਮ ਸਿੰਘ ਵਾਲਾ, 15 ਜੂਨ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਪੰਜਾਬ ਪੁਲਿਸ ਵੇਟਿੰਗ ਲਿਸਟ 2016 ਯੂਨੀਅਨ ਦੇ ਇਕ ਵਫ਼ਦ ਵਲੋਂ ਪੰਜਾਬ ਪੁਲਿਸ ਭਰਤੀ 2016 ਦੀ ਵੇਟਿੰਗ ਲਿਸਟ ਕਲੀਅਰ ਕਰ ਕੇ ਉਮੀਦਵਾਰਾਂ ਨੂੰ ਨੌਕਰੀ 'ਤੇ ਜੁਆਇਨ ਕਰਵਾਉਣ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਮਿਲ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕੋਲ ਪੁੱਜਦਾ ਕਰਨ ਲਈ ਇਕ ਮੰਗ ਪੱਤਰ ਸੌਂਪਿਆ ਗਿਆ | ਜਿਸ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ 2016 'ਚ 7416 ਅਸਾਮੀਆਂ 'ਚੋਂ 5581 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਸਨ, ਜਦੋਂ ਕਿ 1835 ਉਮੀਦਵਾਰਾਂ ਨੂੰ ਵੇਟਿੰਗ ਲਿਸਟ ਵਿਚ ਰੱਖਿਆ ਗਿਆ ਸੀ | ਇਸੇ ਦੌਰਾਨ ਅਗਸਤ 2017 ਵਿਚ 50% ਉਮੀਦਵਾਰਾਂ ਦਾ ਮੈਡੀਕਲ ਤੇ ਡਾਕੂਮੈਂਟ ਵੈਰੀਫਿਕੇਸ਼ਨ ਕਰ ਕੇ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ | ਸਾਲ 2022 ਵਿਚ ਪੰਜਾਬ 'ਚ ਆਮ ਆਦਮੀ ਦੀ ਸਰਕਾਰ ਆਉਣ 'ਤੇ ਵੇਟਿੰਗ ਲਿਸਟ 'ਚੋਂ 300 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ, ਜਦੋਂ ਕਿ ਵੇਟਿੰਗ ਲਿਸਟ ਦੇ ਉਮੀਦਵਾਰਾਂ ਦੇ ਬਰਾਬਰ ਮੈਰਿਟ ਦੇ ਉਮੀਦਵਾਰਾਂ ਨੂੰ ਹੁਣ ਤੱਕ ਵੇਟਿੰਗ ਲਿਸਟ ਵਿਚ ਰੱਖਿਆ ਗਿਆ ਅਤੇ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਵਾਰ-ਵਾਰ ਮੀਟਿੰਗਾਂ ਦੌਰਾਨ ਬਾਕੀ ਉਮੀਦਵਾਰਾਂ ਨੂੰ ਜਲਦ ਨਿਯੁਕਤੀ ਪੱਤਰ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ | ਜਿਸ ਤੋਂ ਬਾਅਦ 21 ਫਰਵਰੀ 2025 ਨੂੰ ਵੇਟਿੰਗ ਲਿਸਟ 'ਚੋਂ ਹੀ 200 ਤੋਂ ਵੱਧ ਉਮੀਦਵਾਰਾਂ ਨੂੰ ਭਰਤੀ ਕੀਤਾ ਗਿਆ ਪਰ 195 ਨੌਜਵਾਨ ਉਮੀਦਵਾਰਾਂ ਨੂੰ ਜੁਆਇਨ ਕਰਵਾਇਆ ਗਿਆ ਜਦੋਂ ਕਿ ਲੜਕੀਆਂ ਦੀ ਵੇਟਿੰਗ ਲਿਸਟ ਅਪਡੇਟ ਹੀ ਨਹੀਂ ਕੀਤੀ ਗਈ | ਉਨ੍ਹਾਂ ਮੰਗ ਕੀਤੀ ਕਿ ਕੁੜੀਆਂ ਨੂੰ ਵੀ ਬਣਦਾ ਹੱਕ ਦਿੱਤਾ ਜਾਵੇ | ਇਸ ਮੌਕੇ ਅਮਨਦੀਪ ਸਿੰਘ ਫਾਜਲਿਕਾ, ਜਗਸੀਰ ਸਿੰਘ, ਕੁਲਵਿੰਦਰ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ, ਰੋਬਿਨਦੀਪ ਸਿੰਘ, ਧਰਮਿੰਦਰ ਸਿੰਘ, ਗਗਨਦੀਪ ਸਿੰਘ ਅਤੇ ਗੁਰਪਿਆਰ ਸਿੰਘ ਆਦਿ ਮੌਜੂਦ ਸਨ |