ਭਵਾਨੀਗੜ੍ਹ, 15 ਜੂਨ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ) - ਬੀਤੀ ਦੇਰ ਰਾਤ ਪਿੰਡ ਚੰਨੋਂ ਵਿਖੇ ਨਹਿਰੀ ਸੂਏ 'ਚ ਅਚਾਨਕ ਪਾੜ ਪੈ ਜਾਣ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨਾਂ ਵਲੋਂ ਨਹਿਰੀ ਵਿਭਾਗ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਦੱਸਿਆ ਕਿ ਪਿੰਡ ਕਾਲਾਝਾੜ ਦੇ ਕਿਸਾਨ ਅਵਤਾਰ ਸਿੰਘ ਦੀ ਚਾਰ ਬੀਘੇ ਜ਼ਮੀਨ ਇੱਥੋਂ ਲੰਘਣ ਵਾਲੇ ਸੂਏ 'ਚ ਆਉਂਦੀ ਹੈ, ਪਰ ਪ੍ਰਸ਼ਾਸਨ ਵੱਲੋਂ ਕਿਸਾਨ ਨੂੰ ਉਸ ਦੀ ਜ਼ਮੀਨ ਦਾ ਮੁਆਵਜ਼ਾ ਜੋ ਕਿ ਕਰੀਬ 66 ਲੱਖ ਰੁਪਏ ਬਣਦਾ ਹੈ, ਨਾ ਦੇਣ ਕਾਰਨ ਇਹ ਸੂਆ ਇੱਥੋਂ ਕੱਚਾ ਰਿਹਾ ਹੋਇਆ ਹੈ | ਬੀਤੀ ਦੇਰ ਰਾਤ ਕਥਿਤ ਤੌਰ 'ਤੇ ਵਿਭਾਗ ਦੀ ਅਣਗਹਿਲੀ ਕਾਰਨ ਸੂਏ 'ਚ ਪਾਣੀ ਜ਼ਿਆਦਾ ਆਉਣ ਕਾਰਨ ਇਹ ਸੂਆ ਟੁੱਟ ਗਿਆ ਤੇ ਕਿਸਾਨਾਂ ਦੇ ਖੇਤਾਂ 'ਚ ਬਹੁਤ ਹੀ ਜ਼ਿਆਦਾ ਪਾਣੀ ਭਰਨ ਕਾਰਨ ਕਿਸਾਨਾਂ ਵਲੋਂ ਲਗਾਈ ਗਈ ਝੋਨੇ ਦੀ 7-8 ਏਕੜ ਦੇ ਕਰੀਬ ਫ਼ਸਲ ਪਾਣੀ 'ਚ ਡੁੱਬ ਗਈ ਹੈ, ਜਿਸ ਕਾਰਨ ਕਿਸਾਨਾਂ ਦਾ ਕਰੀਬ 50 ਹਜ਼ਾਰ ਰੁਪਿਆਂ ਦਾ ਨੁਕਸਾਨ ਹੋ ਗਿਆ | ਇਸ ਫ਼ਸਲ ਨੂੰ ਦੁਬਾਰਾ ਲਗਾਉਣ 'ਤੇ ਫਿਰ ਤੋਂ ਖ਼ਰਚਾਂ ਕਰਨਾ ਪਵੇਗਾ | ਉਨ੍ਹਾਂ ਦੱਸਿਆ ਕਿ ਕਿਸਾਨ ਅਵਤਾਰ ਸਿੰਘ ਨੂੰ ਮੁਆਵਜ਼ਾ ਦਿਵਾਉਣ ਲਈ ਉਨ੍ਹਾਂ ਵਲੋਂ ਬਹੁਤ ਵਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਕਿਸਾਨ ਨੂੰ ਕੋਈ ਵੀ ਮੁਆਵਜ਼ਾ ਨਹੀਂ ਮਿਲਿਆ ਜਿਸ ਕਾਰਨ ਹੀ ਇਹ ਸੂਆ ਇੱਥੋਂ ਕੱਚਾ ਹੈ | ਉਨ੍ਹਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਕਿਸਾਨ ਅਵਤਾਰ ਸਿੰਘ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ, ਜਿੰਨਾ ਸੂਆ ਕੱਚਾ ਹੈ ਉਸ ਨੂੰ ਪੱਕਾ ਕੀਤਾ ਜਾਵੇ, ਕਿਸਾਨਾਂ ਦੀ ਝੋਨੇ ਦੀ ਲਗਾਈ ਫ਼ਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ | ਇਸ ਤੋਂ ਇਲਾਵਾ ਹੁਣ ਇਸ ਟੁੱਟੇ ਹੋਏ ਸੂਏ ਨੂੰ ਆਰਜ਼ੀ ਤੌਰ 'ਤੇ ਤੁਰੰਤ ਬੰਦ ਕੀਤਾ ਜਾਵੇ | ਇਸ ਮੌਕੇ ਅਵਤਾਰ ਸਿੰਘ ਕਾਲਾਝਾੜ, ਬਲਵਿੰਦਰ ਸਿੰਘ ਘਨੋੜ, ਜਸਵੀਰ ਸਿੰਘ ਗੱਗੜਪੁਰ, ਗੁਰਚੇਤ ਸਿੰਘ ਭੱਟੀਵਾਲ ਕਲਾਂ, ਮਾਘ ਸਿੰਘ ਖੇੜ੍ਹੀ ਗਿੱਲਾ, ਕਸ਼ਮੀਰ ਸਿੰਘ ਆਲੋਅਰਖ ਤੋਂ ਇਲਾਵਾ ਹੋਰ ਕਿਸਾਨ ਆਗੂ ਵੀ ਮੌਜੂਦ ਸਨ | ਇਸ ਸਬੰਧੀ ਨਹਿਰੀ ਵਿਭਾਗ ਦੇ ਐਸ.ਡੀ.ਓ ਜੈਅੰਤ ਕੌਸ਼ਿਕ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਸੂਏ 'ਚ 30 ਫੁੱਟ ਦੇ ਕਰੀਬ ਦਾ ਪਾੜ ਪੈ ਗਿਆ ਸੀ ਜਿਸ ਨੂੰ ਬੰਦ ਕਰਵਾ ਕੇ ਪਾਣੀ ਨੂੰ ਰੋਕ ਦਿੱਤਾ ਗਿਆ ਹੈ | ਜਿਸ ਕਾਰਨ ਕਿਸਾਨਾਂ ਦੇ ਖੇਤਾਂ 'ਚੋਂ ਪਾਣੀ ਵੀ ਘੱਟਣਾ ਸ਼ੁਰੂ ਹੋ ਗਿਆ ਹੈ | ਇਸ ਪਾੜ ਨੂੰ ਚੰਗੀ ਤਰ੍ਹਾ ਬੰਦ ਕਰਵਾਉਣ ਦੇ ਲਈ ਕੰਮ ਚੱਲ ਰਿਹਾ ਹੈ |