ਸੰਗਰੂਰ, 6 ਜੁਲਾਈ (ਦਮਨਜੀਤ ਸਿੰਘ) - ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ ਦੇ ਬੈਨਰ ਹੇਠ ਅੱਜ ਸੈਂਕੜੇ ਭੱਠਾ ਮਜ਼ਦੂਰਾਂ ਨੇ ਜ਼ਿਲ੍ਹਾ ਪ੍ਰਧਾਨ ਦਿਲਵਰ ਖਾਂ ਦੀ ਅਗਵਾਈ ਹੇਠ ਟਰੈਕਟਰ-ਟਰਾਲੀਆਂ ਸਮੇਤ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਦਿਆਂ ਪੱਕਾ ਮੋਰਚਾ ਲਗਾ ਦਿੱਤਾ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਨੀਟੂ ਕੋਟ ਧਰਮੂੰ ਵੀ ਵਿਸ਼ੇਸ਼ ਤੌਰ ਉੱਤੇ ਪਹੁੰਚੇ । ਮੋਰਚੇ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਪੁੱਜੇ ਭੱਠਾ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਕਿਰਤ ਵਿਭਾਗ ਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਭੱਠਾ ਮਜ਼ਦੂਰ ਲੰਬੇ ਸਮੇਂ ਤੋਂ ਆਪਣੀ ਕਾਨੂੰਨੀ ਉਜਰਤ ਅਤੇ ਹੋਰ ਕਿਰਤ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਨ। ਇਸ ਸਬੰਧੀ ਪਿਛਲੇ ਕਈ ਮਹੀਨਿਆਂ ਦੌਰਾਨ ਡਿਪਟੀ ਕਮਿਸ਼ਨਰਾਂ, ਸਹਾਇਕ ਕਿਰਤ ਕਮਿਸ਼ਨਰਾਂ ਅਤੇ ਹੋਰ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਗਏ, ਪਰ ਕਿਰਤ ਵਿਭਾਗ ਵੱਲੋਂ ਭੱਠਾ ਮਾਲਕਾਂ ਨਾਲ ਮਿਲੀਭੁਗਤ ਕਰ ਕੇ ਮਾਮਲੇ ਨੂੰ ਲਗਾਤਾਰ ਲਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 28 ਫਰਵਰੀ 2026 ਨੂੰ ਵੀ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰ ਕੇ ਪ੍ਰਸ਼ਾਸਨ ਨੂੰ ਚੇਤਾਇਆ ਗਿਆ ਸੀ। ਉਸ ਸਮੇਂ ਪ੍ਰਸ਼ਾਸਨ ਨੇ ਜਲਦ ਕਾਰਵਾਈ ਦਾ ਭਰੋਸਾ ਦਿੱਤਾ ਸੀ, ਪਰ ਅੱਜ ਤੱਕ ਨਾ ਤਾਂ ਕਾਨੂੰਨੀ ਰੇਟ ਲਾਗੂ ਕਰਵਾਏ ਗਏ ਅਤੇ ਨਾ ਹੀ ਮਜ਼ਦੂਰਾਂ ਦੀਆਂ ਹੋਰ ਜਾਇਜ਼ ਮੰਗਾਂ ਦਾ ਕੋਈ ਹੱਲ ਕੀਤਾ ਗਿਆ। ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ। ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਮਜ਼ਦੂਰਾਂ ਦੀਆਂ ਮੰਗਾਂ ਲਿਖਤੀ ਰੂਪ ਵਿੱਚ ਸਵੀਕਾਰ ਨਹੀਂ ਕੀਤੀਆਂ ਜਾਂਦੀਆਂ ਅਤੇ ਕਾਨੂੰਨੀ ਉਜਰਤ ਲਾਗੂ ਕਰਨ ਸਬੰਧੀ ਠੋਸ ਭਰੋਸਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਇਹ ਪੱਕਾ ਮੋਰਚਾ ਨਿਰੰਤਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਮਜ਼ਦੂਰ ਆਪਣੇ ਸੰਵਿਧਾਨਕ ਅਤੇ ਕਾਨੂੰਨੀ ਹੱਕਾਂ ਦੀ ਪ੍ਰਾਪਤੀ ਲਈ ਹਰ ਤਰ੍ਹਾਂ ਦਾ ਲੋਕਤੰਤਰੀ ਸੰਘਰਸ਼ ਕਰਨ ਲਈ ਤਿਆਰ ਹਨ। ਇਸ ਮੌਕੇ ਪ੍ਰਧਾਨ ਸੋਨੂੰ ਖਾਂ, ਪਰਗਟ ਸਿੰਘ, ਗੁਰਸੇਵਕ ਸਿੰਘ, ਬਸ਼ੀਰ ਖਾਂ, ਗੁਰਜੰਟ ਸਿੰਘ, ਅਜੈਬ ਸਿੰਘ, ਮਿੱਠੂ ਸਿੰਘ , ਬੂਟਾ ਖਾਂ ,ਮੇਜਰ ਸਿੰਘ , ਯੂਸਫ ਖਾਂ, ਮੰਗਾ ਖਾਂ, ਬੂਟਾ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਭੱਠਾ ਮਜ਼ਦੂਰ ਮੌਜੂਦ ਸਨ।