ਸੰਗਰੂਰ ਸ਼ਹਿਰ ਵਿਚ ਲਾਵਾਰਸ ਕੁੱਤਿਆਂ ਦਾ ਕਹਿਰ ਜਾਰੀ
ਅਜੀਤ ਡੈਸਕ
27-07-2026
ਸੰਗਰੂਰ, 26 ਜੁਲਾਈ (ਧੀਰਜ ਪਸੋਰੀਆ) - ਸੰਗਰੂਰ ਸ਼ਹਿਰ ਵਿੱਚ ਲਵਾਰਿਸ ਕੁੱਤਿਆਂ ਦਾ ਖ਼ਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ। ਸ਼ਹਿਰ ਦੀ ਲਗਭਗ ਹਰ ਗਲੀ ਅਤੇ ਮੁਹੱਲੇ ਵਿੱਚ ਲਵਾਰਿਸ ਕੁੱਤਿਆਂ ਦੇ ਝੁੰਡ ਘੁੰਮਦੇ ਨਜ਼ਰ ਆ ਰਹੇ ਹਨ, ਜਿਸ ਕਾਰਨ ਲੋਕਾਂ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਹੈ। ਖ਼ਾਸ ਕਰਕੇ ਬਜ਼ੁਰਗਾਂ, ਬੱਚਿਆਂ ਅਤੇ ਸਵੇਰ-ਸ਼ਾਮ ਸੈਰ ਕਰਨ ਵਾਲੇ ਲੋਕਾਂ ਲਈ ਇਕੱਲਿਆਂ ਘਰੋਂ ਬਾਹਰ ਨਿਕਲਣਾ ਖ਼ਤਰੇ ਤੋਂ ਖਾਲੀ ਨਹੀਂ ਰਿਹਾ। ਕਈ ਥਾਵਾਂ ’ਤੇ ਕੁੱਤਿਆਂ ਦੇ ਝੁੰਡ ਰਾਹਗੀਰਾਂ ਦਾ ਪਿੱਛਾ ਕਰਦੇ ਅਤੇ ਉਨ੍ਹਾਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਦੇਖੇ ਜਾਂਦੇ ਹਨ।ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਿਰਫ਼ ਜੁਲਾਈ ਮਹੀਨੇ ਦੌਰਾਨ ਹੀ ਸਿਵਲ ਹਸਪਤਾਲ ਸੰਗਰੂਰ ਵਿੱਚ ਕੁੱਤਿਆਂ ਦੇ ਕੱਟਣ ਦੇ 100 ਤੋਂ ਵੱਧ ਮਾਮਲੇ ਇਲਾਜ ਲਈ ਪਹੁੰਚੇ ਹਨ। ਪਿਛਲੇ ਕੁਝ ਮਹੀਨਿਆਂ ਵਿੱਚ ਔਰਤਾਂ ਅਤੇ ਬੱਚਿਆਂ ’ਤੇ ਅਵਾਰਾ ਕੁੱਤਿਆਂ ਵੱਲੋਂ ਕੀਤੇ ਗਏ ਕਈ ਹਮਲੇ ਸਾਹਮਣੇ ਆ ਚੁੱਕੇ ਹਨ। ਇੱਥੋਂ ਤੱਕ ਕਿ ਜ਼ਿਲ੍ਹੇ ਵਿੱਚ ਪਿਛਲੇ ਸਮੇਂ ਦੌਰਾਨ ਖੂੰਖਾਰ ਕੁੱਤਿਆਂ ਦੇ ਹਮਲਿਆਂ ਵਿੱਚ ਤਿੰਨ ਬੱਚਿਆਂ ਦੀ ਦਰਦਨਾਕ ਮੌਤ ਵੀ ਹੋ ਚੁੱਕੀ ਹੈ। ਸਿਵਲ ਹਸਪਤਾਲ ਦੇ ਅੰਕੜਿਆਂ ਅਨੁਸਾਰ, ਪਿਛਲੇ 12 ਮਹੀਨਿਆਂ ਵਿੱਚ 3,242 ਵਿਅਕਤੀ ਕੁੱਤਿਆਂ ਦੇ ਕੱਟਣ ਕਾਰਨ ਇਲਾਜ ਲਈ ਹਸਪਤਾਲ ਪਹੁੰਚੇ ਹਨ, ਜੋ ਇਸ ਸਮੱਸਿਆ ਦੀ ਗੰਭੀਰਤਾ ਨੂੰ ਸਪੱਸ਼ਟ ਤੌਰ ’ਤੇ ਦਰਸਾਉਂਦਾ ਹੈ। ਸ਼ਹਿਰ ਦੇ ਹਰ ਵਾਰਡ ਵਿੱਚ ਲਗਭਗ 100 ਦੇ ਕਰੀਬ ਅਵਾਰਾ ਕੁੱਤੇ ਘੁੰਮ ਰਹੇ ਹਨ ਅਤੇ ਲਗਭਗ ਹਰ ਵਾਰਡ ਵਿੱਚ ਕੁੱਤਿਆਂ ਵੱਲੋਂ ਲੋਕਾਂ ਨੂੰ ਕੱਟਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਗੰਭੀਰ ਸਥਿਤੀ ’ਤੇ ਚਿੰਤਾ ਜ਼ਾਹਿਰ ਕਰਦਿਆਂ ਉੱਘੇ ਵਕੀਲ ਸੁਰਜੀਤ ਸਿੰਘ ਗਰੇਵਾਲ ਅਤੇ ਐਡਵੋਕੇਟ ਲਲਿਤ ਕੁਮਾਰ ਗਰਗ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਉਹ ਇਸ ਮਾਮਲੇ ਨੂੰ ਅਦਾਲਤ ਵਿੱਚ ਉਠਾਉਣਗੇ ਅਤੇ ਲੋੜ ਪੈਣ ’ਤੇ ਲੋਕ ਹਿੱਤ ਪਟੀਸ਼ਨ ਵੀ ਦਾਇਰ ਕਰਨਗੇ। ਮੁਆਵਜ਼ਾ ਮਾਮਲਿਆਂ ਦੇ ਮਾਹਿਰ ਐਡਵੋਕੇਟ ਸੰਜੀਵ ਗੋਇਲ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਪੰਜਾਬ ਸਰਕਾਰ ਨੇ “ਪੰਜਾਬ ਕੰਪਨਸੇਸ਼ਨ ਟੂ ਦਿ ਵਿਕਟਿਮਜ਼ ਆਫ ਐਨੀਮਲ ਅਟੈਕਸ ਐਂਡ ਐਕਸੀਡੈਂਟਸ ਪਾਲਿਸੀ, 2025” ਲਾਗੂ ਕੀਤੀ ਹੈ। ਇਸ ਪਾਲਿਸੀ ਅਨੁਸਾਰ ਕੁੱਤੇ ਦੇ ਕੱਟਣ ਦੇ ਮਾਮਲੇ ਵਿੱਚ ਹਰ ਦੰਦ ਦੇ ਨਿਸ਼ਾਨ ਲਈ ਘੱਟੋ-ਘੱਟ 10,000 ਰੁਪਏ ਅਤੇ ਜਿੱਥੇ ਮਾਸ ਉਖੜਿਆ ਹੋਵੇ ਉੱਥੇ ਹਰ 0.2 ਸੈਂਟੀਮੀਟਰ ਜ਼ਖ਼ਮ ਲਈ ਘੱਟੋ-ਘੱਟ 20,000 ਰੁਪਏ ਵਿੱਤੀ ਸਹਾਇਤਾ ਦੇਣ ਦਾ ਪ੍ਰਬੰਧ ਹੈ। ਸੰਬੰਧਿਤ ਨਗਰ ਨਿਗਮ, ਨਗਰ ਕੌਂਸਲ ਜਾਂ ਨਗਰ ਪੰਚਾਇਤ ਮੁਆਵਜ਼ਾ ਅਦਾ ਕਰਨ ਲਈ ਜ਼ਿੰਮੇਵਾਰ ਹੈ। ਪੀੜਤ ਵਿਅਕਤੀ ਘਟਨਾ ਦੀ ਤਾਰੀਖ ਤੋਂ ਇੱਕ ਸਾਲ ਦੇ ਅੰਦਰ ਮੁਆਵਜ਼ੇ ਲਈ ਅਰਜ਼ੀ ਦੇ ਸਕਦਾ ਹੈ ਅਤੇ ਡਿਪਟੀ ਕਮਿਸ਼ਨਰ ਦੀ ਅਗਵਾਈ ਵਾਲੀ ਕਮੇਟੀ ਨੂੰ ਚਾਰ ਮਹੀਨਿਆਂ ਦੇ ਅੰਦਰ ਦਾਅਵੇ ਦਾ ਫ਼ੈਸਲਾ ਕਰਨਾ ਲਾਜ਼ਮੀ ਹੈ। ਉੱਧਰ ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨੇ ਦੱਸਿਆ ਕਿ ਅਵਾਰਾ ਕੁੱਤਿਆਂ ਦੀ ਨਸਬੰਦੀ ਲਈ 15.88 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਸੀ। ਟੈਂਡਰ ਵੀ ਜਾਰੀ ਕੀਤੇ ਗਏ, ਪਰ ਪਿਛਲੇ ਸਾਲ ਤੋਂ ਕੋਈ ਵੀ ਠੇਕੇਦਾਰ ਇਹ ਕੰਮ ਕਰਨ ਲਈ ਅੱਗੇ ਨਹੀਂ ਆਇਆ, ਜਿਸ ਕਾਰਨ ਨਸਬੰਦੀ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਇਸ ਕਾਰਨ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਲੋਕਾਂ ਦੀਆਂ ਮੁਸ਼ਕਲਾਂ ਵੀ ਵਧਦੀਆਂ ਜਾ ਰਹੀਆਂ ਹਨ।