ਸੰਗਰੂਰ, 27 ਜੁਲਾਈ (ਅਮਨਦੀਪ ਸਿੰਘ ਬਿੱਟਾ) – 10 ਸਾਲਾਂ ਸਰਵਿਸ ਪੂਰੀ ਕਰ ਚੁੱਕੇ ਕੱਚੇ ਅਧਿਆਪਕ ਯੂਨੀਅਨ ਨੇ ਮੁੱਖ ਮੰਤਰੀ ਪੰਜਾਬ ਦੇ ਨਾਮ ਭੇਜੇ ਮੰਗ ਪੱਤਰ ਰਾਹੀ ਇਸ ਗੱਲ ਦੀ ਜੋਰਦਾਰ ਸ਼ਬਦਾਂ ਵਿੱਚ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਰੈਗੂਲਰ ਆਰਡਰ ਕੀਤੇ ਜਾਣ ਅਤੇ ਬਣਦੇ ਸਾਰੇ ਲਾਭ 10 ਸਾਲ ਪੂਰੇ ਹੋਣ ਦੀ ਮਿੱਤੀ ਤੋਂ ਦਿੱਤੇ ਜਾਣ। ਮੰਗਾਂ ਪੂਰੀਆਂ ਨਾ ਹੋਣ ਯੂਨੀਅਨ ਆਗੂ ਜਸਪਾਲ ਸਿੰਘ ਮੁਕਤਸਰ ਨੇ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਉੱਤੇ ਸੁਨਾਮ ਵਿਖੇ ਰੋਸ ਪ੍ਰਦਸ਼ਨ ਦੇ ਨਾਲ ਨਾਲ ਗੁਪਤ ਐਕਸ਼ਨ ਦੀ ਵੀ ਚਿਤਾਵਨੀ ਦਿੱਤੀ ਹੈ। ਜਸਪਾਲ ਸਿੰਘ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਸਿੱਖਿਆ ਕ੍ਰਾਂਤੀ ਦੀ ਵੱਡੀਆਂ ਵੱਡੀਆਂ ਗੱਲਾਂ ਕਰ ਰਹੀ ਹੈ। ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਟ੍ਰੇਨਿੰਗ ਲਈ ਭੇਜਿਆ ਜਾ ਰਿਹਾ ਹੈ, ਵੱਡੇ ਵੱਡੇ ਫਲੈਕਸ ਬੋਰਡਾਂ ਉੱਤੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਅਧਿਆਪਕ ਅਜੇ ਵੀ ਕੱਚੇ ਹਨ ਅਤੇ ਪਿੱਛਲੇ ਚਾਰ ਸਾਲਾਂ ਤੋਂ ਆਪਣੇ ਰੈਗੂਲਰ ਹੋਣ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਹਰ ਮੀਟਿੰਗ ਵਿੱਚ ਲਾਰੇ ਲਗਾਉਂਦੀ ਆ ਰਹੀ ਹੈ ਪਰ ਉਹ ਅੱਜ ਵੀ ਮਾਮੂਲੀ ਤਨਖਾਹਾਂ ਉੱਤੇ ਆਪਣੇ ਪਰਿਵਾਰਾਂ ਦਾ ਜੀਵਨ ਬਸ਼ਰ ਕਰ ਰਹੇ ਹਨ। ਯੂਨੀਅਨ ਆਗੂ ਨੇ ਕਿਹਾ ਕਿ ਹੁਣ ਸਰਕਾਰ ਨਾਲ ਆਰ ਜਾ ਪਾਰ ਦੀ ਲੜਾਈ ਕਰਨ ਦੀ ਵਿਉਂਤਬੰਦੀ ਉਲੀਕੀ ਜਾ ਰਹੀ ਹੈ ਜਿਸ ਦੀ ਸ਼ੁਰੂਆਤ ਸੁਨਾਮ ਤੋਂ ਕੀਤੀ ਜਾਵੇਗੀ। ਅਧਿਆਪਕਾਂ ਵੱਲੋਂ ਇਸ ਦੇ ਅੰਤਰਗਤ ਗੁਪਤ ਐਕਸ਼ਨ ਦੀ ਤਿਆਰੀ ਕਰਨ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਰੇ ਕੱਚੇ ਅਧਿਆਪਕ ਪਰਿਵਾਰਾਂ ਸਮੇਤ ਸੁਨਾਮ ਪੁੱਜਣ। ਇਸ ਮੌਕੇ ਮੈਡਮ ਮਮਤਾ ਖੰਨਾ, ਰਾਜਵਿੰਦਰ ਕੌਰ, ਹਰਦੀਪ ਕੌਰ ਸੰਗਰੂਰ, ਬਲਜਿੰਦਰ ਮੁਕਸਤਰ ਆਦਿ ਮੌਜੂਦ ਸਨ।