ਸੰਗਰੂਰ, 29 ਜੁਲਾਈ (ਸੁਖਵਿੰਦਰ ਸਿੰਘ ਫੁੱਲ) - ਕਹਾਣੀ ਲੇਖਕ ਮੰਚ (ਰਜਿ.) ਅਤੇ ਅਦਾਰਾ ਤ੍ਰੈਮਾਸਿਕ ‘ਮਿੰਨੀ ਮੈਗਜ਼ੀਨ’ ਵੱਲੋਂ ਆਪਣੇ ਸਲਾਨਾ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੰਚ ਦੇ ਆਗੂਆਂ ਡਾ. ਸ਼ਿਆਮ ਸੁੰਦਰ ਦੀਪਤੀ, ਜਗਦੀਸ਼ ਰਾਏ ਕੁਲਰੀਆਂ, ਕੁਲਵਿੰਦਰ ਕੌਸ਼ਲ ਤੇ ਬੀਰ ਇੰਦਰ ਬਨਭੌਰੀ ਨੇ ਦੱਸਿਆ ਹੈ ਕਿ ਮੰਚ ਦੀ ਕਾਰਜਕਾਰਨੀ ਕਮੇਟੀ ਦੀ ਹੋਈ ਮੀਟਿੰਗ ਵਿਚ ਮਿੰਨੀ ਕਹਾਣੀ ਲੇਖਕਾਂ, ਆਲੋਚਕਾਂ ਅਤੇ ਸਹਿਯੋਗੀਆਂ ਲਈ ਸਲਾਨਾ ਪੁਰਸਕਾਰਾਂ ਦਾ ਫੈਸਲਾ ਕੀਤਾ ਗਿਆ ਹੈ। ਮਿੰਨੀ ਕਹਾਣੀ ਦੇ ਪ੍ਰਤੀਬੱਧ ਲੇਖਕ ਅਤੇ ‘ਮਿੰਨੀ’ ਦੇ ਸਾਬਕਾ ਸੰਪਾਦਕ ਸ਼੍ਰੀ ਬਿਕਰਮਜੀਤ ਨੂਰ ਨੂੰ ਮਿੰਨੀ ਕਹਾਣੀ ਦੇ ਖੇਤਰ ਵਿਚ ਬਤੌਰ ਲੇਖਕ, ਸੰਪਾਦਕ ਅਤੇ ਸਮੁਚੇ ਜੀਵਨ ਦੌਰਾਨ ਮਿੰਨੀ ਕਹਾਣੀ ਲਈ ਕੀਤੇ ਕਾਰਜਾਂ ਕਰਕੇ ‘ਸ਼੍ਰੀ ਦਰਸ਼ਨ ਮਿਤਵਾ ਯਾਦਗਾਰੀ ਮਿੰਨੀ ਕਹਾਣੀ ਲਾਈਫ਼ ਟਾਈਮ ਅਚੀਵਮੈਂਟ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਾਮਰੇਡ ਜਸਵੰਤ ਸਿੰਘ ਕਾਰ ਸ਼ਿੰਗਾਰ ਯਾਦਗਾਰੀ ਮਿੰਨੀ ਕਹਾਣੀ ਵਿਕਾਸ ਪੁਰਸਕਾਰ –ਡਾ. ਸਰਬਜੀਤ ਕੌਰ ਸੋਹਲ (ਸਾਬਕਾ ਪ੍ਰਧਾਨ, ਪੰਜਾਬ ਸਾਹਿਤ ਅਕਾਦਮੀ), ਅਮਰਜੀਤ ਸਿੰਘ ਸਰੀਂਹ ਏ ਐਸ ਆਈ ਯਾਦਗਾਰੀ ਮਿੰਨੀ ਕਹਾਣੀ ਆਲੋਚਕ ਪੁਰਸਕਾਰ-ਡਾ. ਗੁਰਪ੍ਰੀਤ ਸਿੰਘ ਸੰਗਰਾਣਾ, ਗੁਲਸ਼ਨ ਰਾਏ ਯਾਦਗਾਰੀ ਮਿੰਨੀ ਕਹਾਣੀ ਪੁਸਤਕ ਪੁਰਸਕਾਰ-ਮੰਗਤ ਕੁਲਜਿੰਦ (‘ਐਮਬਾਮਿੰਗ’ ਮਿੰਨੀ ਕਹਾਣੀ ਸੰਗ੍ਰਹਿ ਲਈ), ਮਾਤਾ ਮਹਾਂਦੇਵੀ ਕੌਸ਼ਿਕ ਯਾਦਗਾਰੀ ਲਘੂਕਥਾ ਪੁਰਸਕਾਰ-ਸ਼੍ਰੀਮਤੀ ਅੰਤਰਾ ਕਰਵੜੇ, ਇੰਦੌਰ (ਮੱਧ ਪ੍ਰਦੇਸ਼), ਸ਼੍ਰੀ ਗੋਪਾਲ ਵਿੰਦਰ ਮਿੱਤਲ ਯਾਦਗਾਰੀ ਮਿੰਨੀ ਕਹਾਣੀ ਖੋਜ ਪੁਰਸਕਾਰ-ਡਾ. ਪ੍ਰਦੀਪ ਕੌੜਾ, ਸ਼੍ਰੀ ਰਾਜਿੰਦਰ ਕੁਮਾਰ ਨੀਟਾ ਯਾਦਗਾਰੀ ਮਿੰਨੀ ਕਹਾਣੀ ਯੁਵਾ ਲੇਖਕ ਪੁਰਸਕਾਰ-ਗੁਰਪ੍ਰੀਤ ਕੌਰ (ਪ੍ਰੀਤ ਇੰਦ) ਅਤੇ ਸ੍ਰ. ਗੁਰਬਚਨ ਸਿੰਘ ਕੋਹਲੀ ਯਾਦਗਾਰੀ ਮਿੰਨੀ ਕਹਾਣੀ ਸਹਿਯੋਗੀ ਪੁਰਸਕਾਰ- ਡਾ. ਵਿਜੈ ਜਿੰਦਲ, ਰਾਜਪੁਰਾ ਨੂੰ ਦਿੱਤਾ ਜਾਵੇਗਾ। ਮੰਚ ਵੱਲੋਂ ਇਹ ਪੁਰਸਕਾਰ ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ 31ਵੇਂ ਅੰਤਰਰਾਜੀ ਮਿੰਨੀ ਕਹਾਣੀ ਸਮਾਗਮ ਦੌਰਾਨ ਪ੍ਰਦਾਨ ਕੀਤੇ ਜਾਣਗੇ।