02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਮਿਸ਼ਨ ਆਰੰਭ ਤਹਿਤ ਬਲਾਕ ਸ਼ੇਰਪੁਰ ਵਿਚ ਨਿੱਕੇ ਕਦਮ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 30-07-2026
ਸ਼ੇਰਪੁਰ, 29 ਜੁਲਾਈ (ਮੇਘ ਰਾਜ ਜੋਸ਼ੀ) - ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਮਿਸ਼ਨ ਆਰੰਭ ਤਹਿਤ 0 ਤੋਂ 3 ਸਾਲ ਤੱਕ ਦੇ ਬੱਚਿਆਂ ਦੇ ਸ਼ੁਰੂਆਤੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਬਲਾਕ ਸ਼ੇਰਪੁਰ ਵਿੱਚ “ਨਿੱਕੇ ਕਦਮ” ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੰਗਰੂਰ ਪਰਦੀਪ ਸਿੰਘ ਗਿੱਲ ਦੀ ਅਗਵਾਈ ਹੇਠ 28 ਅਤੇ 29 ਜੁਲਾਈ ਨੂੰ ਬਲਾਕ ਸ਼ੇਰਪੁਰ ਦੀਆਂ ਸਮੂਹ ਆਂਗਣਵਾੜੀ ਵਰਕਰਾਂ ਲਈ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਸਿਖਲਾਈ ਦੌਰਾਨ ਮਿਸ਼ਨ ਆਰੰਭ ਦੀ ਟੀਮ ਵੱਲੋਂ ਆਂਗਣਵਾੜੀ ਵਰਕਰਾਂ ਨੂੰ “ਨਿੱਕੇ ਕਦਮ” ਪਾਇਲਟ ਪ੍ਰੋਜੈਕਟ ਦੀ ਕਾਰਜਪ੍ਰਣਾਲੀ ਅਤੇ ਇਸ ਦੇ ਉਦੇਸ਼ਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੀ.ਡੀ.ਪੀ.ਓ. ਸ਼ੇਰਪੁਰ ਕਿਰਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਮੁੱਖ ਮੰਤਵ 0 ਤੋਂ 3 ਸਾਲ ਤੱਕ ਦੇ ਬੱਚਿਆਂ ਦੇ ਮਾਪਿਆਂ ਨੂੰ ਬੱਚਿਆਂ ਦੇ ਸ਼ੁਰੂਆਤੀ ਵਿਕਾਸ ਨਾਲ ਜੋੜਨਾ ਅਤੇ ਘਰ-ਅਧਾਰਿਤ ਸਿੱਖਣ ਨੂੰ ਉਤਸ਼ਾਹਿਤ ਕਰਨਾ ਹੈ, ਤਾਂ ਜੋ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਹੋਰ ਮਜ਼ਬੂਤੀ ਮਿਲ ਸਕੇ। ਆਂਗਣਵਾੜੀ ਵਰਕਰਾਂ ਨੂੰ “ਨਿੱਕੇ ਕਦਮ” ਪਲੇਟਫਾਰਮ ਦੀ ਵਰਤੋਂ ਸਬੰਧੀ ਪ੍ਰੈਕਟੀਕਲ ਡੈਮੋ ਵੀ ਦਿੱਤੀ ਗਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਆਪਣੇ-ਆਪਣੇ ਖੇਤਰ ਦੇ ਯੋਗ ਪਰਿਵਾਰਾਂ ਨੂੰ ਕਿਊ.ਆਰ. ਕੋਡ ਸਕੈਨ ਕਰਵਾ ਕੇ “ਨਿੱਕੇ ਕਦਮ” ਦੇ ਵਟਸਐਪ ਗਰੁੱਪ ਨਾਲ ਜੋੜਣਗੀਆਂ। ਗਰੁੱਪ ਵਿੱਚ ਸ਼ਾਮਲ ਹੋਣ ਉਪਰੰਤ ਮਾਪਿਆਂ ਤੋਂ ਬੱਚੇ ਦਾ ਨਾਮ, ਜਨਮ ਮਿਤੀ ਅਤੇ ਲਿੰਗ ਸਬੰਧੀ ਜਾਣਕਾਰੀ ਪ੍ਰਾਪਤ ਕਰਕੇ ਰਜਿਸਟ੍ਰੇਸ਼ਨ ਕੀਤਾ ਜਾਵੇਗਾ, ਜਿਸ ਦੀ ਪੁਸ਼ਟੀ ਮਾਪਿਆਂ ਨੂੰ ਤੁਰੰਤ ਪ੍ਰਾਪਤ ਹੋਵੇਗੀ। ਸਿਖਲਾਈ ਦੌਰਾਨ ਦੱਸਿਆ ਗਿਆ ਕਿ ਰਜਿਸਟ੍ਰੇਸ਼ਨ ਤੋਂ ਬਾਅਦ ਮਾਪਿਆਂ ਨੂੰ ਹਰ ਐਤਵਾਰ ਬੱਚੇ ਦੀ ਉਮਰ ਅਨੁਸਾਰ ਵਟਸਐਪ ਰਾਹੀਂ ਵਿਸ਼ੇਸ਼ ਵੀਡੀਓ ਭੇਜੀਆਂ ਜਾਣਗੀਆਂ। ਇਨ੍ਹਾਂ ਵੀਡੀਓਜ਼ ਵਿੱਚ ਬੱਚਿਆਂ ਦੇ ਬੌਧਿਕ, ਭਾਸ਼ਾਈ, ਸਮਾਜਿਕ, ਭਾਵਨਾਤਮਕ ਅਤੇ ਸਰੀਰਕ ਵਿਕਾਸ ਦੇ ਨਾਲ-ਨਾਲ ਖੇਡ-ਅਧਾਰਿਤ ਸਿੱਖਣ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਤਾਂ ਜੋ ਮਾਪੇ ਘਰ ਵਿੱਚ ਹੀ ਆਪਣੇ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਸਰਗਰਮ ਭੂਮਿਕਾ ਨਿਭਾ ਸਕਣ। ਹਰੇਕ ਵੀਡੀਓ ਦੇ ਅੰਤ ਵਿੱਚ ਮਾਪਿਆਂ ਲਈ ਇੱਕ ਛੋਟਾ ਪ੍ਰਸ਼ਨ ਵੀ ਸ਼ਾਮਲ ਕੀਤਾ ਜਾਵੇਗਾ, ਜਿਸ ਰਾਹੀਂ ਉਹ ਵੀਡੀਓ ਵਿੱਚ ਦਿੱਤੀ ਜਾਣਕਾਰੀ ਸਬੰਧੀ ਆਪਣੀ ਸਮਝ ਨੂੰ ਦਰਸਾ ਸਕਣਗੇ। ਪ੍ਰੋਜੈਕਟ ਵਿੱਚ ਨਿਯਮਿਤ ਭਾਗੀਦਾਰੀ ਕਰਨ ਵਾਲੇ ਮਾਪਿਆਂ ਨੂੰ ਵਿਭਾਗ ਵੱਲੋਂ ਡਿਜ਼ਿਟਲ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਜਾਣਗੇ। ਸਿਖਲਾਈ ਦੌਰਾਨ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਜੇਕਰ ਕਿਸੇ ਪਰਿਵਾਰ ਵਿੱਚ 0 ਤੋਂ 3 ਸਾਲ ਉਮਰ ਦੇ ਦੋ ਬੱਚੇ ਹਨ ਤਾਂ ਛੋਟੇ ਬੱਚੇ ਨੂੰ ਪਹਿਲ ਦੇ ਆਧਾਰ ‘ਤੇ ਪ੍ਰੋਜੈਕਟ ਨਾਲ ਜੋੜਿਆ ਜਾਵੇਗਾ। ਜੇਕਰ ਪਰਿਵਾਰ ਵਿੱਚ ਦੋ ਸਮਾਰਟਫੋਨ ਉਪਲਬਧ ਹਨ ਤਾਂ ਦੋਵੇਂ ਬੱਚਿਆਂ ਦਾ ਵੱਖ-ਵੱਖ ਰਜਿਸਟ੍ਰੇਸ਼ਨ ਵੀ ਕੀਤਾ ਜਾ ਸਕਦਾ ਹੈ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਪਰਦੀਪ ਸਿੰਘ ਗਿੱਲ ਨੇ ਕਿਹਾ ਕਿ ਬੱਚੇ ਦੇ ਜੀਵਨ ਦੇ ਪਹਿਲੇ ਤਿੰਨ ਸਾਲ ਉਸ ਦੇ ਸਰਵਪੱਖੀ ਵਿਕਾਸ ਦੀ ਮਜ਼ਬੂਤ ਨੀਂਹ ਹੁੰਦੇ ਹਨ। ਉਨ੍ਹਾਂ ਕਿਹਾ ਕਿ “ਨਿੱਕੇ ਕਦਮ” ਪਾਇਲਟ ਪ੍ਰੋਜੈਕਟ ਮਾਪਿਆਂ ਨੂੰ ਬੱਚਿਆਂ ਦੇ ਸ਼ੁਰੂਆਤੀ ਵਿਕਾਸ ਵਿੱਚ ਸਰਗਰਮ ਭਾਗੀਦਾਰ ਬਣਾਉਣ ਵੱਲ ਇੱਕ ਮਹੱਤਵਪੂਰਨ ਉਪਰਾਲਾ ਹੈ। ਉਨ੍ਹਾਂ ਸਮੂਹ ਆਂਗਣਵਾੜੀ ਵਰਕਰਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਯੋਗ ਪਰਿਵਾਰਾਂ ਨੂੰ ਇਸ ਪ੍ਰੋਜੈਕਟ ਨਾਲ ਜੋੜ ਕੇ ਇਸ ਨੂੰ ਸਫ਼ਲ ਬਣਾਇਆ ਜਾਵੇ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾਵੇ। ਇਸ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਵਿੱਚ ਬਲਾਕ ਸ਼ੇਰਪੁਰ ਦੀਆਂ ਸਮੂਹ ਆਂਗਣਵਾੜੀ ਵਰਕਰਾਂ ਨੇ ਭਾਗ ਲਿਆ। ਇਸ ਮੌਕੇ ਮੀਡੀਆ ਅਸਿਸਟੈਂਟ ਰਾਜ ਰਾਣੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੈਪਸੀਕੋ ਦੇ ਕੰਟਰੈਕਟ ਕਾਮਿਆਂ ਨੇ ਤਨਖਾਹ ਵਾਧੇ ਲਈ ਲਾਮਬੰਦੀ ਕੀਤੀ ਤੇਜ਼ ਅਗਲੀ ਖ਼ਬਰ ਮਿੰਨੀ ਕਹਾਣੀ ਲੇਖਕ ਮੰਚ ਵਲੋਂ ਸਾਲਾਨਾ ਪੁਰਸਕਾਰਾਂ ਦਾ ਐਲਾਨ
Ad Position 24
No active advertisement