ਦਾਮਨ ਬਾਜਵਾ ਅਤੇ ਲੋਕਾਂ ਨੇ ਆਪ ਪੈਸੇ ਇਕੱਠੇ ਕਰ ਕੇ ਚੀਮਾ ਦੀ ਮੀਹਾਂ ਸਿੰਘ ਵਾਲੀ ਗਲੀ ਵਿੱਚ ਮਿੱਟੀ ਪਾਉਣੀ ਸ਼ੁਰੂ ਕੀਤੀ
ਚੀਮਾ ਮੰਡੀ, 18 ਅਗਸਤ (ਜਗਰਾਜ ਮਾਨ, ਗੁਰਜੀਤ ਸਿੰਘ ਚਹਿਲ) - ਚੀਮਾ ਦੀ ਮੀਹਾਂ ਸਿੰਘ ਵਾਲੀ ਗਲੀ ਦੇ ਲਗਭਗ 40 ਘਰਾਂ ਦੇ 125-130 ਲੋਕ ਪਿਛਲੇ ਕਈ ਮਹੀਨਿਆਂ ਤੋਂ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਸੜਕ ਦੇ ਬਿਲਕੁਲ ਵਿਚਕਾਰ ਸੀਵਰੇਜ ਲਾਈਨ ਪਾ ਕੇ ਬਣਾਏ ਗਏ ਸੀਵਰੇਜ ਦੇ ਹੋਲ ਸੜਕ ਦੇ ਪੱਧਰ ਤੋਂ 3-4 ਫੁੱਟ ਉੱਚੇ ਛੱਡ ਦਿੱਤੇ ਗਏ ਹਨ।
ਚੀਮਾ ਮੰਡੀ, 18 ਅਗਸਤ (ਜਗਰਾਜ ਮਾਨ, ਗੁਰਜੀਤ ਸਿੰਘ ਚਹਿਲ) - ਚੀਮਾ ਦੀ ਮੀਹਾਂ ਸਿੰਘ ਵਾਲੀ ਗਲੀ ਦੇ ਲਗਭਗ 40 ਘਰਾਂ ਦੇ 125-130 ਲੋਕ ਪਿਛਲੇ ਕਈ ਮਹੀਨਿਆਂ ਤੋਂ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਸੜਕ ਦੇ ਬਿਲਕੁਲ ਵਿਚਕਾਰ ਸੀਵਰੇਜ ਲਾਈਨ ਪਾ ਕੇ ਬਣਾਏ ਗਏ ਸੀਵਰੇਜ ਦੇ ਹੋਲ ਸੜਕ ਦੇ ਪੱਧਰ ਤੋਂ 3-4 ਫੁੱਟ ਉੱਚੇ ਛੱਡ ਦਿੱਤੇ ਗਏ ਹਨ। ਹਾਲਾਤ ਇਹ ਹਨ ਕਿ ਨਾ ਕਾਰ ਲੰਘ ਸਕਦੀ ਹੈ ਅਤੇ ਨਾ ਹੀ ਟਰੈਕਟਰ। ਜਦੋਂ ਤੋਂ ਸੀਵਰੇਜ ਪਾਈ ਹੈ ਇਸ ਗਲੀ ਵਿੱਚ ਇੱਕ ਵੀ ਕਾਰ ਦਾਖਲ ਨਹੀਂ ਹੋ ਸਕੀ। ਲੋਕ ਇਸ ਮਸਲੇ ਨੂੰ ਲੈ ਕੇ ਕਈ ਵਾਰ ਅਮਨ ਅਰੋੜਾ ਕੋਲ ਪਹੁੰਚ ਕਰ ਚੁੱਕੇ ਹਨ, ਪਰ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਮਨ ਅਰੋੜਾ ਅਤੇ ਸਰਕਾਰ ਦੇ ਖੜ੍ਹੇ ਹਨ, ਇਸ ਲਈ ਹੁਣ ਲੋਕਾਂ ਨੂੰ ਆਪਣੀ ਸਮੱਸਿਆ ਦਾ ਹੱਲ ਵੀ ਆਪਣੇ ਪੱਧਰ ’ਤੇ ਕਰਨਾ ਪੈ ਰਿਹਾ ਹੈ। ਸਰਕਾਰ ਦੀ ਉਡੀਕ ਕਰਨ ਦੀ ਬਜਾਏ ਲੋਕ ਦਾਮਨ ਬਾਜਵਾ ਦੀ ਅਗਵਾਈ ਵਿੱਚ ਆਪਣੇ ਪੈਸੇ ਇਕੱਠੇ ਕਰਕੇ ਗਲੀ ਵਿੱਚ ਮਿੱਟੀ ਪਾਉਣ ਲਈ ਮਜਬੂਰ ਹਨ। ਇਸ ਕੰਮ ਲਈ ਦਾਮਨ ਬਾਜਵਾ ਨੇ ਆਪਣੀ ਤਰਫੋਂ 31,000 ਦਾ ਯੋਗਦਾਨ ਪਾਇਆ ਅਤੇ ਗਲੀ ਦੇ ਲੋਕਾਂ ਨੇ ਆਪਣੀ ਸਮਰੱਥਾ ਅਨੁਸਾਰ ਪੈਸੇ ਇਕੱਠੇ ਕੀਤੇ । ਦਾਮਨ ਬਾਜਵਾ ਦੇ ਵੱਲੋਂ ਚੁੱਕੇ ਗਏ ਇਹ ਅਹਿਮ ਕਦਮ ਨੂੰ ਵੇਖਦੇ ਹੋਏ 31000 ਤੋਂ ਇਲਾਵਾ ਚੀਮਾਂ ਤੋਂ ਭਾਜਪਾ ਦੇ ਪੁਰਾਣੇ ਆਗੂ ਜੀਵਨ ਬਾਂਸਲ ਦੁਆਰਾ 11000 ਰੁਪਏ ਦਾ ਵੀ ਹਿੱਸਾ ਪਾਇਆ ਗਿਆ। ਦਾਮਨ ਬਾਜਵਾ ਨੇ ਕਿਹਾ ਕਿ ਇਹ ਉਹ ਇਲਾਕਾ ਹੈ ਜੋ ‘ਆਪ’ ਦੇ ਪੰਜਾਬ ਪ੍ਰਧਾਨ ਦੇ ਹਲਕੇ ਵਿੱਚ ਹੈ, ਮੁੱਖ ਮੰਤਰੀ ਦੇ ਪਿੰਡ ਤੋਂ ਸਿਰਫ਼ 2 ਕਿਲੋਮੀਟਰ ਅਤੇ ਵਿੱਤ ਮੰਤਰੀ ਦੇ ਹਲਕੇ ਤੋਂ ਵੀ ਕਰੀਬ 2 ਕਿਲੋਮੀਟਰ ਦੂਰ ਹੈ। ਇੱਕ ਪਾਸੇ ਸੈਂਕੜੇ ਕਰੋੜਾਂ ਦੇ ਵਿਕਾਸ ਦੇ ਹੋਰਡਿੰਗ ਲਗਾਏ ਜਾ ਰਹੇ ਹਨ ਅਤੇ ਦੂਜੇ ਪਾਸੇ 125-130 ਲੋਕ ਆਪਣੀ ਗਲੀ ਵਿੱਚ ਕਾਰ ਤੱਕ ਨਹੀਂ ਲਿਜਾ ਸਕਦੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੀ ਅਚਾਨਕ ਤਬੀਅਤ ਬਹੁਤ ਖਰਾਬ ਹੋ ਜਾਵੇ ਤਾਂ ਉਸਨੂੰ ਲਗਭਗ ਇੱਕ ਕਿਲੋਮੀਟਰ ਤੱਕ ਚੁੱਕ ਕੇ ਲਿਜਾਣਾ ਪਵੇਗਾ, ਤਾਂ ਜੋ ਅੱਗੇ ਕਾਰ ਵਿੱਚ ਬਿਠਾਇਆ ਜਾ ਸਕੇ। ਐਂਬੂਲੈਂਸ ਇਸ ਗਲੀ ਤੱਕ ਕਿਵੇਂ ਪਹੁੰਚੇਗੀ, ਇਹ ਸਰਕਾਰ ਨੂੰ ਸੋਚਣਾ ਚਾਹੀਦਾ ਹੈ। ਦਾਮਨ ਬਾਜਵਾ ਨੇ ਕਿਹਾ ਕਿ ਜਿਹੜੀ ਸਰਕਾਰ ਆਪਣੇ ਲੋਕਾਂ ਦੀ ਗਲੀ ਤੱਕ ਮਿੱਟੀ ਨਹੀਂ ਪਾ ਸਕਦੀ, ਉਸ ਵੱਲੋਂ ਸੈਂਕੜੇ ਕਰੋੜਾਂ ਦੇ ਵਿਕਾਸ ਦੇ ਦਾਅਵੇ ਸਿਰਫ਼ ਹੋਰਡਿੰਗਾਂ ਤੱਕ ਹੀ ਸੀਮਤ ਹਨ। ਅੱਜ ਚੀਮਾ ਦੇ ਲੋਕ ਆਪਣੀ ਜੇਬ ਵਿੱਚੋਂ ਪੈਸੇ ਪਾ ਕੇ ਆਪਣੀ ਗਲੀ ਠੀਕ ਕਰਨ ਲਈ ਮਜਬੂਰ ਹਨ—ਇਹੀ ‘ਆਪ’ ਸਰਕਾਰ ਦੀ ਅਸਲ ਜ਼ਮੀਨੀ ਹਕੀਕਤ ਹੈ। ਇਸ ਮੌਕੇ ਹਰਮਨਦੇਵ ਬਾਜਵਾ, ਜੀਵਨ ਬਾਂਸਲ ਭਾਜਪਾ ਆਗੂ ਚੀਮਾਂ, ਨਰਿੰਦਰ ਸ਼ੇਰੋਂ ਭਾਜਪਾ ਸਰਕਲ ਪ੍ਰਧਾਨ, ਵਾਰਡ ਵਾਸੀ ਬਲਵਿੰਦਰ ਸਿੰਘ, ਗੁਰਤੇਜ ਸਿੰਘ, ਸਤਗੁਰੂ ਸਿੰਘ, ਮਨਿੰਦਰ ਸਿੰਘ ਆਦਿ ਵਾਰਡ ਗਲੀ ਵਾਸੀ ਹਾਜ਼ਰ ਸਨ।