ਕੁੱਲਗੜ੍ਹੀ, 1 ਜਨਵਰੀ (ਸੁਖਜਿੰਦਰ ਸਿੰਘ ਸੰਧੂ)-ਪੰਜਾਬ ਸਰਕਾਰ ਬਿਜਲੀ ਬੋਰਡ ਮੁਲਾਜ਼ਮਾਂ ਦੀਆਂ ਲੋਕਾਂ ਵਲੋਂ ਦਾਨ ਕੀਤੀਆਂ ਜ਼ਮੀਨਾਂ ਵੇਚਣ 'ਤੇ ਤੁਲੀ ਹੋਈ ਹੈ, ਜੋ ਬਿਜਲੀ ਮੁਲਾਜ਼ਮ ਟੈਕਨੀਕਲ ਸਰਵਿਸ ਯੂਨੀਅਨ ਕਦੇ ਬਰਦਾਸ਼ਤ ਨਹੀਂ ਕਰੇਗੀ | ਇਹ ਪ੍ਰਗਟਾਵਾ ਗੱਲਬਾਤ ਕਰਦੇ ਹੋਏ ਟੈਕਨੀਕਲ ਸਰਵਿਸ ਯੂਨੀਅਨ ਦੇ ਮੀਤ ਪ੍ਰਧਾਨ ਪਰਵਿੰਦਰ ਸਿੰਘ ਸ਼ੇਰ ਖਾਂ ਨੇ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਨਿੱਤ ਨਵੇਂ ਕਾਨੂੰਨ ਲਾਗੂ ਕਰਕੇ ਬਿਜਲੀ ਮੁਲਾਜ਼ਮਾਂ, ਕਿਸਾਨ, ਮਜ਼ਦੂਰਾਂ ਨਾਲ ਤੇ ਆਮ ਵਰਗ ਖ਼ਿਲਾਫ਼ ਸਾਜ਼ਿਸ਼ਾਂ ਘੜੀ ਜਾ ਰਹੀ ਹੈ, ਜਿਸ ਦਾ ਸਭਨਾਂ ਨੂੰ ਮਿਲ ਸਖ਼ਤ ਵਿਰੋਧ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਬਿਜਲੀ ਸੋਧ ਬਿੱਲ 2025 ਐਕਟ ਜੋ ਪਾਸ ਕੀਤਾ ਗਿਆ ਹੈ, ਉਹ ਬਿਜਲੀ ਮੁਲਾਜ਼ਮਾਂ, ਕਿਸਾਨ, ਮਜ਼ਦੂਰਾਂ ਲਈ ਬਹੁਤ ਹਾਨੀਕਾਰਕ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ | ਯੂਨੀਅਨ ਆਗੂ ਪਰਵਿੰਦਰ ਸਿੰਘ ਸ਼ੇਰ ਖਾਂ ਨੇ ਅੱਗੇ ਕਿਹਾ ਕਿ ਸਰਕਾਰ ਵਲੋਂ ਮੁਲਾਜ਼ਮਾਂ ਦੀ ਨਵੀਂ ਭਰਤੀ ਕੀਤੀ ਜਾ ਰਹੀ ਹੈ, ਜਿਸ 'ਚ 195/19 ਵਿਚ ਸਹਾਇਕ ਲਾਈਨਮੈਨ ਭਰਤੀ ਹੋਏ ਸਨ, ਉਨ੍ਹਾਂ ਨੂੰ ਸਕੇਲ 35400 ਦਿੱਤਾ ਗਿਆ ਹੈ, ਉਸ ਤੋਂ ਬਾਅਦ ਨਵੇਂ ਕੀਤੇ ਗਏ ਭਰਤੀ ਸਹਾਇਕ ਲਾਈਨਮੈਨ ਅਤੇ ਆਰ.ਟੀ.ਐਮ. ਤੋਂ ਪ੍ਰਮੋਟ ਕੀਤੇ ਗਏ ਸਹਾਇਕ ਲਾਈਨਮੈਨ ਨੂੰ ਸਕੇਲ 23500 ਦਿੱਤਾ ਜਾ ਰਿਹਾ ਹੈ, ਜੋ ਕਿ ਇਕ ਪੋਸਟ 'ਤੇ ਇਕ ਦੀ ਸਕੈਬ ਦੇਣਾ ਬਣਦਾ ਹੈ¢ ਜੇਕਰ ਬਿਜਲੀ ਬੋਰਡ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਇਕ ਕੈਡਰ ਤੇ ਇਕੋ ਸਕੇਲ 35400 ਨਹੀਂ ਕਰ ਸਕਦੀ ਤਾਂ ਇਸ ਦੇ ਵਿਰੋਧ 'ਚ ਜ਼ੋਨ ਪੱਧਰੀ ਧਰਨਾ 6 ਜਨਵਰੀ 2026 ਨੂੰ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਸਰਕਾਰ 2025 ਬਿਜਲੀ ਬਿੱਲਾਂ 'ਤੇ ਜ਼ਮੀਨਾਂ ਵੇਚਣ ਦਾ ਫ਼ੈਸਲਾ ਤੇ ਸਹਾਇਕ ਲਾਈਨਮੈਨਾਂ ਦੀ ਮੰਗ ਨਹੀਂ ਮੰਨਦੀ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ |