ਫਿਰੋਜ਼ਪੁਰ, 6 ਜਨਵਰੀ (ਸੁਖਵਿੰਦਰ ਸਿੰਘ)-ਫ਼ਰਦ ਕੇਂਦਰ ਕੰਪਿਊਟਰ ਆਪ੍ਰੇਟਰ ਐਸੋਸੀਏਸ਼ਨ (ਰਜਿ.) ਪੰਜਾਬ ਦੇ ਸੂਬਾ ਪ੍ਰਧਾਨ ਰਮਨਦੀਪ ਸਿੰਘ ਚਕੇਰੀਆਂ ਨੇ ਕਿਹਾ ਕਿ ਪੰਜਾਬ ਭਰ ਦੇ ਡਾਟਾ ਐਂਟਰੀ ਓਪਰੇਟਰ ਪਿਛਲੇ 17-18 ਸਾਲਾਂ ਤੋਂ ਫ਼ਰਦ ਕੇਂਦਰਾਂ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਪਰ ਅੱਜ ਦੀ ਮਹਿੰਗਾਈ ਦੇ ਬਾਵਜੂਦ ਨਾ ਤਾਂ ਉਨ੍ਹਾਂ ਦੀਆਂ ਤਨਖ਼ਾਹਾਂ 'ਚ ਕੋਈ ਵੱਡਾ ਵਾਧਾ ਕੀਤਾ ਗਿਆ ਹੈ ਅਤੇ ਨਾ ਹੀ ਕਿਰਤ ਕਾਨੂੰਨਾਂ ਅਨੁਸਾਰ ਬਣਦੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਕਦੇ ਵੀ ਕਿਰਤ ਕਾਨੂੰਨ ਮੁਤਾਬਿਕ ਡੀ. ਸੀ. ਰੇਟ ਤਨਖ਼ਾਹ ਨਹੀਂ ਦਿੱਤੀ ਗਈ | ਸੂਬਾ ਪ੍ਰਧਾਨ ਨੇ ਦੋਸ਼ ਲਗਾਇਆ ਕਿ ਸੀ. ਐਮ. ਐਸ. ਕੰਪਿਊਟਰ ਲਿਮਟਿਡ ਵਲੋਂ ਅਕਤੂਬਰ 2024 ਤੋਂ ਲਗਾਤਾਰ ਇਹ ਪ੍ਰਥਾ ਅਪਣਾਈ ਜਾ ਰਹੀ ਹੈ ਕਿ 2-3 ਮਹੀਨੇ ਕੰਮ ਕਰਵਾ ਕੇ ਸਿਰਫ਼ ਇਕ ਮਹੀਨੇ ਦੀ ਤਨਖ਼ਾਹ ਦਿੱਤੀ ਜਾਂਦੀ ਹੈ | ਜਦੋਂ ਓਪਰੇਟਰ ਆਪਣੀ ਬਣਦੀ ਤਨਖ਼ਾਹ ਲਈ ਕਲਮ-ਛੋਡ ਹੜਤਾਲ ਕਰਦੇ ਹਨ, ਤਾਂ ਕੰਪਨੀ ਵਲੋਂ ਉਨ੍ਹਾਂ ਦਿਨਾਂ ਦੀ ਤਨਖ਼ਾਹ ਵੀ ਕੱਟ ਲਈ ਜਾਂਦੀ ਹੈ | ਸਿਰਫ਼ ਵਟਸਐਪ ਮੈਸੇਜ ਰਾਹੀਂ ਬਿੱਲ ਪਾਸ ਨਾ ਹੋਣ ਦਾ ਬਹਾਨਾ ਬਣਾ ਕੇ ਕੰਪਨੀ ਆਪਣੀ ਜ਼ਿੰਮੇਵਾਰੀ ਤੋਂ ਬਚ ਰਹੀ ਹੈ, ਜੋ ਪੂਰੀ ਤਰ੍ਹਾਂ ਨਾਇਨਸਾਫ਼ੀ ਹੈ | ਉਨ੍ਹਾਂ ਆਖਿਆ ਕਿ ਹਰ ਵਾਰ ਤਨਖ਼ਾਹ ਦੀ ਮੰਗ ਕਰਨ 'ਤੇ ਕੰਪਨੀ ਸਰਕਾਰ ਵਲੋਂ ਬਿੱਲ ਪਾਸ ਨਾ ਹੋਣ ਦੀ ਗੱਲ ਕਰਦੀ ਹੈ, ਜਦਕਿ ਕੰਪਨੀ ਖ਼ੁਦ ਮੁਨਾਫ਼ਾ ਲੈ ਰਹੀ ਹੈ ਪਰ ਓਪਰੇਟਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਨਹੀਂ ਮਿਲ ਰਿਹਾ | ਐਸੋਸੀਏਸ਼ਨ ਨੇ ਸਾਫ਼ ਕੀਤਾ ਕਿ ਫ਼ਰਦ ਕੇਂਦਰ ਕੰਪਿਊਟਰ ਓਪਰੇਟਰ ਹੜਤਾਲ ਨਹੀਂ ਕਰਨਾ ਚਾਹੁੰਦੇ, ਪਰ ਵਾਰ-ਵਾਰ ਤਨਖ਼ਾਹ 'ਚ ਹੋ ਰਹੀ ਦੇਰੀ ਕਾਰਨ ਮਜਬੂਰ ਹੋ ਕੇ ਮੰਗ ਕੀਤੀ ਜਾ ਰਹੀ ਹੈ ਕਿ ਮਹੀਨਾ ਦਸੰਬਰ 2025 ਦੀ ਤਨਖ਼ਾਹ ਤੁਰੰਤ ਜਾਰੀ ਕੀਤੀ ਜਾਵੇ | ਇਸ ਦੇ ਨਾਲ ਹੀ ਐਸੋਸੀਏਸ਼ਨ ਨੇ ਮੰਗ ਕੀਤੀ ਕਿ ਕੰਪਿਊਟਰ ਓਪਰੇਟਰ ਬੂਟਾ ਸਿੰਘ ਪੁੱਤਰ ਭੋਲਾ ਸਿੰਘ, ਵਾਸੀ ਪਿੰਡ ਬੀਰ ਕਲਾਂ, ਜ਼ਿਲ੍ਹਾ ਸੰਗਰੂਰ ਨੂੰ ਜਬਰੀ ਛੁੱਟੀ 'ਤੇ ਰੱਖਣ ਦਾ ਫ਼ੈਸਲਾ ਤੁਰੰਤ ਰੱਦ ਕਰਕੇ ਉਸ ਨੂੰ ਨੇੜਲੇ ਵਰਕ ਸਟੇਸ਼ਨ ਸੁਨਾਮ, ਚੀਮਾ ਜਾਂ ਲੌਂਗੋਵਾਲ ਵਿਚ ਬਣਦੀ ਸੀਟ 'ਤੇ ਤਾਇਨਾਤ ਕੀਤਾ ਜਾਵੇ | ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਜਿਨ੍ਹਾਂ ਕੰਪਿਊਟਰ ਓਪਰੇਟਰਾਂ ਦੇ ਈ. ਐਸ. ਆਈ. ਸੀ. ਕਾਰਡ ਅਤੇ ਈ. ਪੀ. ਐੱਫ਼. ਫ਼ੰਡ ਨਹੀਂ ਕੱਟੇ ਜਾ ਰਹੇ ਜਾਂ ਜਿਨ੍ਹਾਂ ਨੂੰ ਆਈ. ਪੀ. ਨੰਬਰ ਨਹੀਂ ਦਿੱਤਾ ਗਿਆ | ਉਹ ਤੁਰੰਤ ਮੁਹੱਈਆ ਕਰਵਾਏ ਜਾਣ | ਇਸ ਤੋਂ ਇਲਾਵਾ ਜਿਨ੍ਹਾਂ ਪਿੰਡਾਂ ਵਿਚ ਜਮ੍ਹਾਬੰਦੀ ਵੈਲੀਡੇਸ਼ਨ (ਪੰਜ ਸਾਲਾਂ) ਦਾ ਕੰਮ ਚੱਲ ਰਿਹਾ ਹੈ | ਉਨ੍ਹਾਂ ਦਾ ਲੌਗਇਨ ਫ਼ਰਦ ਕੇਂਦਰ ਦੇ ਸਿਸਟਮ 'ਤੇ ਕੀਤਾ ਜਾਵੇ | ਅੰਤ 'ਚ ਚਿਤਾਵਨੀ ਦਿੱਤੀ ਗਈ ਕਿ ਜੇਕਰ ਉਪਰੋਕਤ ਮੰਗਾਂ ਨੂੰ ਜਲਦ ਪੂਰਾ ਨਾ ਕੀਤਾ ਗਿਆ, ਤਾਂ ਫ਼ਰਦ ਕੇਂਦਰ ਕੰਪਿਊਟਰ ਓਪਰੇਟਰ ਐਸੋਸੀਏਸ਼ਨ 9 ਜਨਵਰੀ ਤੋਂ 12 ਜਨਵਰੀ ਤੱਕ ਐਸੋਸੀਏਸ਼ਨ ਦੇ ਝੰਡੇ ਹੇਠ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ |