ਫ਼ਿਰੋਜ਼ਪੁਰ, 6 ਜਨਵਰੀ (ਗੁਰਿੰਦਰ ਸਿੰਘ)-ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਰਕਾਰੀ ਸਕੂਲਾਂ ਵਿਚ 11ਵੀਂ ਜਮਾਤ 'ਚ ਪੜ੍ਹਦੇ 15 ਹੋਣਹਾਰ ਵਿਦਿਆਰਥੀਆਂ ਨੂੰ ਹਵਾਈ ਯਾਤਰਾ ਰਾਹੀਂ ਅਹਿਮਦਾਬਾਦ (ਗੁਜਰਾਤ) ਦੇ ਵਿੱਦਿਅਕ ਟੂਰ 'ਤੇ ਭੇਜਿਆ | ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਫ਼ਿਰੋਜ਼ਪੁਰ ਮੁਨੀਲਾ ਅਰੋੜਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ) ਡਾ. ਸਤਿੰਦਰ ਸਿੰਘ ਦੀ ਯੋਗ ਅਗਵਾਈ 'ਚ ਰਾਸ਼ਟਰੀ ਆਵਿਸ਼ਕਾਰ ਅਭਿਆਨ ਅਧੀਨ ਸਰਕਾਰੀ ਸਕੂਲਾਂ ਦੇ ਹਰੇਕ ਬਲਾਕ ਦੇ ਟਾਪਰ 11ਵੀਂ ਜਮਾਤ ਦੇ ਮੈਡੀਕਲ ਤੇ ਨਾਨ ਮੈਡੀਕਲ ਦੇ ਵਿਦਿਆਰਥੀਆਂ ਨੂੰ ਪੰਜਾਬ ਰਾਜ ਤੋਂ ਬਾਹਰ ਵਿਗਿਆਨਕ ਅਤੇ ਇਤਿਹਾਸਿਕ ਮਹੱਤਤਾ ਵਾਲੇ ਸਥਾਨਾਂ ਅਤੇ ਸੰਸਥਾਵਾਂ 'ਤੇ 5 ਦਿਨਾਂ ਅੰਤਰਰਾਜੀ ਐਕਸਪੋਜ਼ਰ ਵਿਜ਼ਟ ਕਰਵਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਵਿਗਿਆਨ ਵਿਸ਼ੇ ਪ੍ਰਤੀ ਰੋਚਕਤਾ ਪੈਦਾ ਕਰਨਾ ਹੈ | ਜਾਣਕਾਰੀ ਦਿੰਦਿਆਂ ਬਲਾਕ ਨੋਡਲ ਅਫ਼ਸਰ ਤੇ ਕੋਆਰਡੀਨੇਟਰ ਸੰਜੀਵ ਟੰਡਨ ਨੇ ਦੱਸਿਆ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਦੇ 10 ਬਲਾਕਾਂ 'ਚੋਂ ਕੁੱਲ 80 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਸੀ, ਜਿਨ੍ਹਾਂ 'ਚੋਂ 65 ਵਿਦਿਆਰਥੀਆਂ ਦੇ ਦੋ ਗਰੁੱਪ ਪਹਿਲਾਂ ਜੈਪੁਰ ਭੇਜੇ ਜਾ ਚੁੱਕੇ ਹਨ ਅਤੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪਹਿਲੇ 15 ਟਾਪਰ ਵਿਦਿਆਰਥੀਆਂ ਤੇ 2 ਅਧਿਆਪਕਾਂ ਨੂੰ ਹਵਾਈ ਯਾਤਰਾ ਰਾਹੀਂ ਅਹਿਮਦਾਬਾਦ ਭੇਜਿਆ ਗਿਆ ਹੈ | ਜਿਥੇ ਇਨ੍ਹਾਂ ਵਿਦਿਆਰਥੀਆਂ ਵਲੋਂ ਆਈ. ਆਈ. ਐਮ. ਅਹਿਮਦਾਬਾਦ, ਗੁਜਰਾਤ ਸਾਇੰਸ ਸਿਟੀ, ਰਾਣੀ ਕੀ ਵਾਵ, ਸਨ ਟੈਂਪਲ, ਸਾਬਰਮਤੀ ਆਸ਼ਰਮ, ਸਰਦਾਰ ਵੱਲਭ ਭਾਈ ਪਟੇਲ ਮਿਊਜ਼ੀਅਮ, ਕਨਕਰੀਆ ਲੇਕ, ਸਾਬਰਮਤੀ ਰਿਵਰ ਫ਼ਰੰਟ ਤੇ ਕਈ ਹੋਰ ਇਤਿਹਾਸਕ ਮਹੱਤਤਾ ਵਾਲੇ ਸਥਾਨ ਵਿਜ਼ਟ ਕੀਤੇ ਜਾਣਗੇ | ਜ਼ਿਕਰਯੋਗ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਚਾਰ ਤਾਰਾ ਹੋਟਲ 'ਚ ਰਹਿਣ ਦੀ ਸੁਵਿਧਾ, ਹਵਾਈ ਯਾਤਰਾ ਲਈ ਆਉਣ ਜਾਣ ਦਾ ਖ਼ਰਚ ਆਦਿ ਪੰਜਾਬ ਸਰਕਾਰ ਵਲੋਂ ਆਪਣੇ ਪੱਧਰ 'ਤੇ ਕੀਤਾ ਗਿਆ ਹੈ |