ਫ਼ਾਜ਼ਿਲਕਾ, 6 ਜਨਵਰੀ (ਦਵਿੰਦਰ ਪਾਲ ਸਿੰਘ)-ਪਿੰਡ ਕਬੂਲ ਸ਼ਾਹ ਖੁੱਬਣ 'ਚ ਬਾਬਾ ਵਿਸ਼ਵਕਰਮਾ ਸਪੋਰਟਸ ਕਲੱਬ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਇਕ ਸ਼ਾਨਦਾਰ ਇਕ-ਰੋਜ਼ਾ ਸਿੰਗਲ-ਵਿਕਟ ਕਿ੍ਕਟ ਟੂਰਨਾਮੈਂਟ ਦਾ ਆਯੋਜਨ ਕੀਤਾ | ਟੂਰਨਾਮੈਂਟ 'ਚ ਕੁਲ 32 ਟੀਮਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਮੈਦਾਨ 'ਚ ਸ਼ਾਨਦਾਰ ਉਤਸ਼ਾਹ, ਜਨੂਨ ਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ | ਪਿੰਡ ਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ 'ਚ ਦਰਸ਼ਕ ਰੋਮਾਂਚਕ ਮੈਚ ਦੇਖਣ ਲਈ ਪਹੁੰਚੇ | ਡਾ. ਬੀ. ਡੀ. ਸਚਦੇਵਾ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਅਜੇ ਸਚਦੇਵਾ ਤੇ ਜਨਰਲ ਸਕੱਤਰ ਪੂਜਾ ਲੂਥਰਾ ਸਚਦੇਵਾ ਆਪਣੀ ਟੀਮ ਸਮੇਤ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਕਲੱਬ ਪ੍ਰਬੰਧਨ ਨੇ ਮੁੱਖ ਮਹਿਮਾਨਾਂ ਦਾ ਗੁਲਦਸਤੇ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਵਾਗਤ ਕੀਤਾ | ਉਦਘਾਟਨੀ ਸਮਾਰੋਹ 'ਚ ਖਿਡਾਰੀਆਂ ਨਾਲ ਜਾਣ-ਪਛਾਣ ਕਰਵਾਈ ਗਈ ਤੇ ਖੇਡ ਭਾਵਨਾ ਨਾਲ ਖੇਡ ਖੇਡਣ ਲਈ ਉਤਸ਼ਾਹਿਤ ਕੀਤਾ ਗਿਆ | ਟੂਰਨਾਮੈਂਟ ਦੌਰਾਨ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਮੁੱਖ ਮਹਿਮਾਨਾਂ ਵਲੋਂ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਖੇਡ ਉਪਕਰਨ ਤੇ ਨਕਦੀ ਵੰਡੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਅਜੈ ਸਚਦੇਵਾ ਨੇ ਕਿਹਾ ਕਿ ਖੇਡਾਂ ਨਾ ਸਿਰਫ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ ਸਗੋਂ ਉਨ੍ਹਾਂ ਨੂੰ ਅਨੁਸ਼ਾਸਨ, ਟੀਮ ਵਰਕ ਤੇ ਸਿਹਤਮੰਦ ਜੀਵਨ ਸ਼ੈਲੀ ਵੱਲ ਵੀ ਪ੍ਰੇਰਿਤ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਡਾ. ਬੀ. ਡੀ. ਸਚਦੇਵਾ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਸਮਾਜ ਦੀ ਭਲਾਈ ਤੇ ਨੌਜਵਾਨਾਂ ਦੀ ਤਰੱਕੀ ਲਈ ਅਜਿਹੇ ਸਮਾਗਮਾਂ ਦਾ ਹਮੇਸ਼ਾ ਸਮਰਥਨ ਕਰੇਗੀ | ਜਨਰਲ ਸਕੱਤਰ ਪੂਜਾ ਲੂਥਰਾ ਸਚਦੇਵਾ ਨੇ ਕਿਹਾ ਕਿ ਪਿੰਡਾਂ 'ਚ ਖੇਡ ਮੈਦਾਨ ਅਤੇ ਟੂਰਨਾਮੈਂਟ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇਕ ਮਜ਼ਬੂਤ ਪਲੇਟਫ਼ਾਰਮ ਪ੍ਰਦਾਨ ਕਰਦੇ ਹਨ | ਉਨ੍ਹਾਂ ਬਾਬਾ ਵਿਸ਼ਵਕਰਮਾ ਸਪੋਰਟਸ ਕਲੱਬ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਦੇ ਹਨ ਤੇ ਪੇਂਡੂ ਪੱਧਰ 'ਤੇ ਖੇਡਾਂ ਨੂੰ ਨਵੀਂ ਦਿਸ਼ਾ ਦਿੰਦੇ ਹਨ | ਟੂਰਨਾਮੈਂਟ ਦੇ ਅੰਤ 'ਤੇ ਜੇਤੂ ਤੇ ਉਪ ਜੇਤੂ ਟੀਮਾਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ | ਕਲੱਬ ਦੇ ਅਧਿਕਾਰੀਆਂ ਨੇ ਸਾਰੇ ਮਹਿਮਾਨਾਂ, ਖਿਡਾਰੀਆਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਅਜਿਹੇ ਖੇਡ ਸਮਾਗਮ ਜਾਰੀ ਰੱਖਣ ਦਾ ਭਰੋਸਾ ਦਿੱਤਾ |