ਮੱਖੂ, 28 ਜਨਵਰੀ (ਸੰਧੂ)-ਜਸਬੀਰ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ 1 ਜਨਵਰੀ ਤੋਂ ਹਰੀਕੇ ਹੈੱਡ ਵਰਕਸ 'ਤੇ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਅਤੇ ਵਰਕਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਇਆ ਪੱਕਾ ਧਰਨਾ ਅੱਜ 28ਵੇਂ ਦਿਨ ਵਿਚ ਦਾਖਲ ਹੋ ਗਿਆ | ਅੱਜ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਐਗਜ਼ੈਕਟਿਵ ਕਮੇਟੀ ਵਲੋਂ ਨੈਸ਼ਨਲ ਹਾਈਵੇ ਜਾਮ ਕਰਨ ਦੇ ਫ਼ੈਸਲੇ ਨੂੰ ਰੱਦ ਕਰਦਿਆਂ ਬਗੈਰ ਆਵਾਜਾਈ ਵਿਚ ਵਿਘਨ ਪਾਏ ਸ਼ਾਂਤਮਈ ਤਰੀਕੇ ਨਾਲ ਹੜ੍ਹ ਪ੍ਰਭਾਵਿਤ ਕਿਸਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਇਕ ਵੱਡਾ ਇਕੱਠ ਕੀਤਾ ਗਿਆ | ਜਿਸ ਵਿਚ ਅਮਿਤੋਜ ਮਾਨ, ਹਰਪਾਲ ਸਿੰਘ ਮੱਖੂ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਕਿਸਾਨਾਂ ਦਾ ਦਰਦ ਸਮਝਣ ਵਾਲੇ ਆਗੂਆਂ ਨੇ ਸ਼ਮੂਲੀਅਤ ਕੀਤੀ | ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨਹੀਂ ਚਾਹੁੰਦੀ ਕਿ ਹੜ੍ਹ ਪ੍ਰਭਾਵ ਕਿਸਾਨਾਂ ਦੇ ਮਸਲੇ ਹੱਲ ਹੋ ਸਕਣ ਜੇਕਰ ਉਹ ਹੜ੍ਹ ਪ੍ਰਭਾਵਿਤ ਕਿਸਾਨਾਂ ਪ੍ਰਤੀ ਗੰਭੀਰ ਹੁੰਦੀ ਤਾਂ ਕਿਸਾਨਾਂ ਨਾਲ ਮੀਟਿੰਗ ਕਰਕੇ ਕੇਂਦਰ ਸਰਕਾਰ ਤੱਕ ਕਿਸਾਨਾਂ ਦੀ ਆਵਾਜ਼ ਪਹੁੰਚਾਉਣ ਦਾ ਜਰੀਆਂ ਬਣ ਕੇ ਕਿਸਾਨਾਂ ਦੇ ਮਸਲੇ ਹੱਲ ਕਰਵਾਉਂਦੀ | ਇਸ ਰੋਸ ਪ੍ਰਦਰਸ਼ਨ ਦੌਰਾਨ ਮੱਖੂ ਸਬ ਤਹਿਸੀਲ ਦੇ ਨਾਇਬ ਤਹਿਸੀਲਦਾਰ ਮਲੂਕ ਸਿੰਘ ਵਲੋਂ ਵਧੀਕ ਮੁੱਖ ਸਕੱਤਰ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਨਾਲ 29 ਤਰੀਕ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਕਰਨ ਦਾ ਪੱਤਰ ਸੌਂਪਣ ਤੋਂ ਬਾਅਦ ਜਸਬੀਰ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ 'ਤੇ ਵਿਚਾਰ ਕਰਨ ਦਾ ਸਾਨੂੰ ਪੱਕਾ ਵਿਸ਼ਵਾਸ ਦਿੰਦੀ ਹੈ ਤਾਂ ਅਸੀਂ 30 ਜਨਵਰੀ ਨੂੰ ਹਰੀਕੇ ਹੜ੍ਹ ਵਰਕਸ ਤੇ ਫ਼ੈਸਲਾ ਕਰਾਂਗੇ ਕਿ ਧਰਨਾ ਸਮਾਪਤ ਕਰਨਾ ਹੈ ਜਾਂ ਜਾਰੀ ਰੱਖਣਾ ਹੈ | ਇਸ ਮੌਕੇ ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ, ਸੁਖਵੰਤ ਸਿੰਘ ਗਿੱਲ ਸੂਬਾ ਖ਼ਜ਼ਾਨਚੀ, ਅਮਿਤੋਜ ਮਾਨ, ਕੁਲਦੀਪ ਸਿੰਘ ਸਾਗਰਾਂ ਸੂਬਾ ਸਕੱਤਰ, ਪ੍ਰਧਾਨ ਕੇਵਲ ਸਿੰਘ ਮੁੱਠਿਆਂ ਵਾਲਾ, ਜੱਜਵਿੰਦਰ ਸਿੰਘ, ਗੁਰਜੀਤ ਸਿੰਘ, ਮਿਸਲ ਸਤਲੁਜ ਦੇ ਸੂਬਾ ਸਕੱਤਰ ਰਣਪਿੰਦਰਜੀਤ ਸਿੰਘ ਗੋਲਡੀ, ਮਾਨ ਸਿੰਘ ਕਿੱਲੀ ਪ੍ਰਧਾਨ ਯੂਥ ਵਿੰਗ, ਗੁਰਮਨ ਸਿੰਘ ਗਿੱਲ, ਰਣਜੀਤ ਸਿੰਘ, ਮਿਹਰ ਸਿੰਘ, ਸੋਹਣ ਸਿੰਘ ਸਭਰਾ ਉਗਰਾਹਾਂ ਜਥੇਬੰਦੀ ਅਤੇ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੜਪ ਪ੍ਰਾਪਤ ਕਿਸਾਨ ਅਤੇ ਉਨ੍ਹਾਂ ਦੇ ਸਮਰਥਕ ਹਾਜ਼ਰ ਸਨ |