ਜ਼ੀਰਾ, 28 ਜਨਵਰੀ (ਹਰਜੀਤ ਸਿੰਘ ਗਿੱਲ)-ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਮੱਖੂ ਰੋਡ ਜ਼ੀਰਾ ਵਿਖੇ ਇੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਸਬੰਧ ਵਿਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ | ਸਜਾਏ ਗਏ ਦੀਵਾਨਾ ਵਿਚ ਢਾਡੀ ਕਵੀਸ਼ਰੀ ਜਥਿਆਂ ਅਤੇ ਪ©ਚਾਰਕਾਂ ਵਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜੀਵਨ ਇਤਿਹਾਸ ਸੁਣਾਉਂਦਿਆਂ ਬਾਬਾ ਜੀ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਸਾਹਿਬ ਦੀ ਮਾਣ ਮਰਿਆਦਾ ਬਹਾਲ ਕਰਨ ਲਈ ਜ਼ਾਲਮ ਫ਼ੌਜਾਂ ਦਾ ਟਾਕਰਾ ਕਰਦਿਆਂ ਪਾਵਨ ਸਥਾਨ ਦੀਆਂ ਪਰਿਕਰਮਾ ਵਿਖੇ ਸੀਸ ਭੇਟ ਕਰਨ ਦਾ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ | ਇਸ ਦੌਰਾਨ ਹਾਜ਼ਰ ਜਥਿਆਂ ਨੇ ਸੰਗਤਾਂ ਨੂੰ ਕਵਿਤਾਵਾਂ ਅਤੇ ਵਾਰਾਂ ਸੁਣਾ ਕੇ ਨਿਹਾਲ ਕੀਤਾ | ਇਨ੍ਹਾਂ ਸਮਾਗਮਾਂ ਸਮੇਂ ਤਿੰਨੇ ਦਿਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ, ਮੀਤ ਪ੍ਰਧਾਨ ਰੇਸ਼ਮ ਸਿੰਘ, ਖ਼ਜ਼ਾਨਚੀ ਠੇਕੇਦਾਰ ਅਵਤਾਰ ਸਿੰਘ, ਸੈਕਟਰੀ ਰਣਜੀਤ ਸਿੰਘ, ਸਲਾਹਕਾਰ ਜਗਦੇਵ ਸਿੰਘ ਅਤੇ ਕਿਰਪਾਲ ਸਿੰਘ, ਗੁਰਬਚਨ ਸਿੰਘ, ਜਥੇਦਾਰ ਪਰਮਜੀਤ ਸਿੰਘ, ਸਤਨਾਮ ਸਿੰਘ, ਗੁਰਦੀਪ ਸਿੰਘ, ਗੁਰਲਾਲ ਸਿੰਘ, ਲਵਪ੍ਰੀਤ ਸਿੰਘ, ਮਨਦੀਪ ਸਿੰਘ ਮੰਗੀ ਅਤੇ ਕਾਲਾ ਸਿੰਘ ਆਦਿ ਨੇ ਵੱਖ-ਵੱਖ ਸੇਵਾਵਾਂ ਨਿਭਾਅ ਕੇ ਆਪਣੀ ਆਸਥਾ ਦਾ ਪ੍ਰਗਟਾਵਾ ਕੀਤਾ |