ਫ਼ਿਰੋਜ਼ਪੁਰ, 28 ਜਨਵਰੀ (ਰਾਕੇਸ਼ ਚਾਵਲਾ)-ਸੇਵੀਅਰ ਸਿੰਘ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਡਾ. ਐੱਸ.ਪੀ ਸਿੰਘ ਉਬਰਾਏ ਦੀ ਅਗਵਾਈ ਵਿਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਫ਼ਿਰੋਜ਼ਪੁਰ ਸਿਟੀ ਦੇ ਬੱਸ ਸਟੈਂਡ ਅੰਦਰ ਬਣੇ ਕਾਮਰੇਡ ਦਿਆਲ ਸਿੰਘ ਸੰਧੂ ਯਾਦਗਾਰੀ ਹਾਲ ਵਿਚ ਕਰਵਾਏ ਗਏ ਸਾਦੇ ਸਮਾਗਮ ਦੌਰਾਨ ਫ਼ਿਰੋਜ਼ਪੁਰ ਸਿਟੀ ਅਤੇ ਛਾਉਣੀ ਨਾਲ ਸਬੰਧਿਤ 30 ਜ਼ਰੂਰਤ ਮੰਦਾਂ, ਵਿਧਵਾਵਾਂ ਅਤੇ ਅੰਗਹੀਣ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ | ਇਹ ਚੈੱਕ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਦੀ ਦੇਖ-ਰੇਖ ਹੇਠ ਸਿਟੀ ਅਤੇ ਛਾਉਣੀ ਇੰਚਾਰਜ ਬਲਵਿੰਦਰ ਪਾਲ ਸ਼ਰਮਾ ਅਤੇ ਰਣਧੀਰ ਜੋਸ਼ੀ ਵਲੋਂ ਵੰਡੇ ਗਏ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਸਿਟੀ ਅਤੇ ਛਾਉਣੀ ਦੇ ਇਸਤਰੀ ਵਿੰਗ ਦੇ ਇੰਚਾਰਜ ਤਲਵਿੰਦਰ ਕੌਰ ਵਲੋਂ ਦੱਸਿਆ ਗਿਆ ਦੱਸਿਆ ਕਿ ਸੰਸਥਾ ਦੇ ਬਾਨੀ ਡਾ. ਐੱਸ.ਪੀ ਸਿੰਘ ਓਬਰਾਏ ਵਲੋਂ ਲੰਮੇ ਸਮੇਂ ਤੋਂ ਲੋੜਵੰਦਾਂ ਦੀ ਭਲਾਈ ਦੇ ਕਿਸੇ ਹੋਰ ਤੋਂ ਮਾਲੀ ਮਦਦ ਲਏ ਆਪਣੀ ਕਿਰਤ ਕਮਾਈ ਵਿਚੋਂ ਲਗਾਤਾਰ ਆਰਥਿਕ ਸਹਾਇਤਾ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਅੰਦਰ ਪੰਜ ਆਧੁਨਿਕ ਸਹੂਲਤਾਂ ਵਾਲੀਆਂ ਮੈਡੀਕਲ ਲੈਬਾਰਟਰੀਆਂ, ਫਿਜ਼ੀਓਥਰੈਪੀ ਸੈਂਟਰ, ਫ਼ਰੀ ਕੰਪਿਊਟਰ ਸੈਂਟਰ, ਫ਼ਰੀ ਸਿਲਾਈ ਸੈਂਟਰ, ਅੱਖਾਂ ਦੇ ਫ਼ਰੀ ਚੈੱਕਅਪ ਕੈਂਪ, ਲੋੜਵੰਦ ਹੁਸ਼ਿਆਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ, ਐਂਬੂਲੈਂਸ ਅਤੇ ਜ਼ਿਲ੍ਹੇ ਅੰਦਰ ਲਗਭਗ ਡੇਢ ਲੱਖ ਰੁਪਏ ਦੀ ਆਰਥਿਕ ਸਹਾਇਤਾ ਰਾਸ਼ੀ ਦੇ ਮਹੀਨਾਵਾਰ ਚੈੱਕ ਲੋੜਵੰਦ ਪਰਿਵਾਰਾਂ ਨੂੰ ਵੰਡੇ ਜਾਂਦੇ ਹਨ |