ਅਬੋਹਰ, 31 ਜਨਵਰੀ (ਵਿਵੇਕ ਹੂੜੀਆ)-ਮਹਾਂਰਿਸ਼ੀ ਦਯਾਨੰਦ ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਿਖੇ ਲਗਾਏ ਰਾਸ਼ਟਰੀ ਸੇਵਾ ਯੋਜਨਾ ਦੇ ਵਿਸ਼ੇਸ਼ ਕੈਂਪ ਦਾ ਚੌਥਾ ਦਿਨ ਸੇਵਾ, ਸਫ਼ਾਈ ਤੇ ਲੋਕ-ਜਾਗਰੂਕਤਾ ਨੂੰ ਸਮਰਪਿਤ ਰਿਹਾ | ਦਿਨ ਦੀ ਸ਼ੁਰੂਆਤ ਜੋਤ ਜਗਾ ਕੇ ਅਤੇ ਗਾਇਤਰੀ ਮੰਤਰ ਦੇ ਜਾਪ ਨਾਲ ਕੀਤੀ ਗਈ, ਜਿਸ ਨੇ ਕੈਂਪ ਦੇ ਮਾਹੌਲ ਨੂੰ ਸਕਾਰਾਤਮਿਕ ਊਰਜਾ ਨਾਲ ਭਰ ਦਿੱਤਾ | ਇਸ ਮੌਕੇ ਕਾਲਜ ਦੇ ਡਾਇਰੈਕਟਰ ਡਾ. ਆਰ. ਪੀ. ਅਸੀਜਾ, ਪਿ੍ੰਸੀਪਲ ਡਾ. ਸੁਨੀਤਾ ਆਰੀਆ ਤੇ ਡਾ. ਨੀਤੂ ਉਪਵੇਜਾ ਸਮੇਤ ਸਮੁੱਚਾ ਸਟਾਫ਼ ਹਾਜ਼ਰ ਸੀ | ਐਨ. ਐੱਸ. ਐੱਸ. ਵਲੰਟੀਅਰਾਂ ਨੇ ਪਹਿਲਾਂ ਕਾਲਜ ਕੈਂਪਸ ਦੀ ਸਫ਼ਾਈ ਕੀਤੀ ਅਤੇ ਫਿਰ ਪਿੰਡ ਰਾਮਸਰਾ ਵਿਖੇ ਜਾ ਕੇ ਸਫ਼ਾਈ ਅਭਿਆਨ ਚਲਾਇਆ | ਪਿੰਡ ਵਿਚ ਵਲੰਟੀਅਰਾਂ ਵਲੋਂ ਇਕ ਪ੍ਰਭਾਵਸ਼ਾਲੀ ਵੋਟਰ ਜਾਗਰੂਕਤਾ ਰੈਲੀ ਕੱਢੀ ਗਈ | ਰੈਲੀ ਦੌਰਾਨ ਵਿਦਿਆਰਥੀਆਂ ਨੇ ਵੋਟ ਜ਼ਰੂਰ ਪਾਓ, ਸਫ਼ਾਈ ਅਪਣਾਓ, ਪਾਣੀ ਬਚਾਓ ਤੇ ਬੇਟੀ ਬਚਾਓ-ਬੇਟੀ ਪੜ੍ਹਾਓ ਵਰਗੇ ਨਾਅਰਿਆਂ ਨਾਲ ਪੂਰੇ ਪਿੰਡ ਨੂੰ ਗੰੂਜਾਂ ਦਿੱਤਾ | ਪਿੰਡ ਦੇ ਸਰਪੰਚ ਨੇ ਵੀ ਇਸ ਰੈਲੀ ਵਿਚ ਸ਼ਮੂਲੀਅਤ ਕਰਦਿਆਂ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ | ਰੈਲੀ ਤੋਂ ਬਾਅਦ ਕਾਲਜ ਪਰਤ ਕੇ ਮੁੱਖ ਬੁਲਾਰੇ ਡਾ. ਇੰਦਰਜੀਤ ਸਿੰਘ ਨੇ 'ਨਸ਼ਾ ਮੁਕਤੀ' ਵਿਸ਼ੇ 'ਤੇ ਵਿਸਥਾਰਪੂਰਵਕ ਲੈਕਚਰ ਦਿੱਤਾ | ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਣੂ ਕਰਵਾਉਂਦੇ ਹੋਏ ਸਮਾਜਿਕ ਬੁਰਾਈਆਂ ਵਿਰੁੱਧ ਲਾਮਬੰਦ ਹੋਣ ਦੀ ਪ੍ਰੇਰਨਾ ਦਿੱਤੀ | ਕੈਂਪ ਦਾ ਚੌਥਾ ਦਿਨ ਵਿਦਿਆਰਥੀਆਂ ਵਿਚ ਦੇਸ਼ ਸੇਵਾ ਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦਿਆਂ ਸਫਲਤਾਪੂਰਵਕ ਸਮਾਪਤ ਹੋਇਆ |