ਤਲਵੰਡੀ ਭਾਈ, 2 ਫਰਵਰੀ (ਕੁਲਜਿੰਦਰ ਸਿੰਘ ਗਿੱਲ)-ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ ਕੋਟਕਪੂਰਾ ਵਲੋਂ ਇਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਹਿਤ ਸਮਾਗਮ ਕਰਵਾਇਆ | ਇਸ ਸਮੇਂ ਸੰਬੋਧਨ ਕਰਦਿਆਂ ਸੋਸਾਇਟੀ ਦੇ ਜਨਰਲ ਸਕੱਤਰ ਮਾ: ਕੁਲਵੰਤ ਸਿੰਘ ਚਾਨੀ, ਵਿੱਤ ਸਕੱਤਰ ਮਾ ਸੋਮਨਾਥ ਅਰੋੜਾ, ਸਟੇਟ ਐਵਾਰਡੀ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਤੇ ਮੁੱਖ ਸਲਾਹਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਆਖਿਆ ਕਿ ਪ੍ਰਸਿੱਧ ਸਮਾਜ ਸੇਵਕ ਤੇ ਬਾਬਾ ਫ਼ਰੀਦ ਗੁਰੂਕੁਲ ਗਰੁੱਪ ਆਫ਼ ਕਾਲਜਿਜ ਕੋਟਕਪੂਰਾ ਦੇ ਚੇਅਰਮੈਨ ਡਾ. ਮਨਜੀਤ ਸਿੰਘ ਢਿੱਲੋਂ ਇਸ ਗੱਲ 'ਤੇ ਬਜ਼ਿਦ ਹਨ ਕਿ ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਪੰਜਾਬ ਸਮੇਤ ਹੋਰਨਾਂ ਰਾਜਾਂ ਵਿਚ ਵੀ ਉੱਚ ਅਫਸਰ ਬਣਨ | ਇਸ ਮਨੋਰਥ ਨੂੰ ਮੁੱਖ ਰੱਖਦੇ ਹੋਏ ਡਾ. ਮਨਜੀਤ ਸਿੰਘ ਢਿੱਲੋਂ ਤੇ ਵਿਨੋਦ ਵਰਮਾ ਨੇ ਕੋਟਕਪੂਰਾ ਵਿਖੇ ਆਈ. ਏ. ਐਸ., ਪੀ. ਸੀ. ਐਸ., ਆਈ. ਪੀ. ਐਸ., ਨੀਟ, ਐਨ. ਡੀ. ਏ., ਜੇ. ਈ. ਈ., ਐਨ. ਆਈ. ਐੱਫ. ਟੀ., ਯੂ. ਐਸ. ਈ., ਡਾਕਟਰ, ਇੰਜੀਨੀਅਰ ਬਣਨ ਲਈ ਹੁਸ਼ਿਆਰ ਤੇ ਹੋਣਹਾਰ ਬੱਚਿਆਂ ਨੂੰ ਕੋਚਿੰਗ ਦੇਣ ਦਾ ਪ੍ਰਬੰਧ ਕੀਤਾ ਹੈ ਤਾਂ ਜੋ ਬੱਚਿਆਂ ਨੂੰ ਆਪਣੇ ਘਰ ਤੋਂ ਦੂਰ ਚੰਡੀਗੜ੍ਹ, ਗੁਆਂਢੀ ਰਾਜਾਂ ਜਾਂ ਦਿੱਲੀ ਵਿਖੇ ਕੋਚਿੰਗ ਲੈਣ ਲਈ ਨਾ ਜਾਣਾ ਪਵੇਗਾ | ਇਸ ਸਮੇਂ ਉਨ੍ਹਾਂ ਬੱਚਿਆਂ ਨੂੰ ਚਾਈਨਾ ਡੋਰ ਦੇ ਨੁਕਸਾਨ ਰੋਕਣ, ਨਸ਼ਿਆਂ ਦੀ ਬੁਰਾਈ ਨੂੰ ਥੰਮ੍ਹਣ, ਵਾਤਾਵਰਨ ਦੀ ਸੰਭਾਲ ਅਤੇ ਚੰਗੇ ਇਨਸਾਨ ਬਣਨ ਲਈ ਪ੍ਰੇਰਿਆ | ਇਸ ਮੌਕੇ ਤੇ ਮੁੱਖ ਮਹਿਮਾਨ ਇੰਸਪੈਕਟਰ ਜਸਵਿੰਦਰ ਸਿੰਘ ਬਰਾੜ ਐਸ. ਐੱਚ. ਓ. ਪੁਲਿਸ ਥਾਣਾ ਤਲਵੰਡੀ ਭਾਈ ਨੇ ਡਾ. ਮਨਜੀਤ ਸਿੰਘ ਢਿੱਲੋਂ ਤੇ ਵਿਨੋਦ ਵਰਮਾ ਸਮੇਤ ਸੁਸਾਇਟੀ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ | ਉਨ੍ਹਾਂ ਆਖਿਆ ਕਿ ਅੱਜ ਚਾਈਨਾ ਡੋਰ, ਨਸ਼ਿਆਂ ਦੀ ਕਰੋਪੀ, ਪਾਣੀ ਦੀ ਬੱਚਤ, ਵਾਤਾਵਰਨ ਦੀ ਸੰਭਾਲ ਤੇ ਨੈਤਿਕਤਾ ਦਾ ਪਾਠ ਪੜਾਉਣ ਲਈ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਦੀ ਬਹੁਤ ਲੋੜ ਹੈ, ਕਿਉਂਕਿ ਅਜਿਹੀਆਂ ਸਮੱਸਿਆਵਾਂ ਦੇ ਹੱਲ ਲਈ ਸਾਰਿਆਂ ਨੂੰ ਇਕੱਠੇ ਹੋ ਕੇ ਹੰਭਲਾ ਮਾਰਨਾ ਪਵੇਗਾ | ਸਟੇਜ ਸੰਚਾਲਨ ਕਰਦਿਆਂ ਮਾਸਟਰ ਜਗਤਾਰ ਸਿੰਘ ਸੋਖੀ ਨੇ ਸੁਸਾਇਟੀ ਦੇ ਸੇਵਾ ਕਾਰਜਾਂ ਬਾਰੇ ਚਾਨਣਾ ਪਾਇਆ | ਸੇਵਾ ਮੁਕਤ ਪਿ੍ੰਸੀਪਲ ਸੰਦੀਪ ਕੌਰ ਔਲਖ ਨੇ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਉਸ ਨੰੂ ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੋਸਾਇਟੀ ਦਾ ਮੈਂਬਰ ਬਣਨ ਦਾ ਮਾਣ ਹੈ ਜਦ ਕਿ ਸਕੂਲ ਮੁਖੀ ਪ੍ਰਵੀਨ ਕੁਮਾਰੀ ਨੇ ਪਹੁੰਚੇ ਮਹਿਮਾਨਾਂ ਲਈ ਧੰਨਵਾਦੀ ਸ਼ਬਦ ਕਹੇ | ਅੰਤ ਵਿਚ ਹੁਸ਼ਿਆਰ ਵਿਦਿਆਰਥੀਆਂ ਤੋਂ ਇਲਾਵਾ ਮੁੱਖ ਮਹਿਮਾਨ ਅਤੇ ਪਿੰ੍ਰਸੀਪਲ ਪ੍ਰਵੀਨ ਕੁਮਾਰ ਸਮੇਤ ਸਮੁੱਚੇ ਸਕੂਲ ਸਟਾਫ ਦਾ ਸੁਸਾਇਟੀ ਵਲੋਂ ਵਿਸ਼ੇਸ਼ ਸਨਮਾਨ ਵੀ ਕੀਤਾ |