ਮਮਦੋਟ, 3 ਫਰਵਰੀ (ਸੁਖਦੇਵ ਸਿੰਘ ਸੰਗਮ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੁਆਰਾ ਮਮਦੋਟ ਬਲਾਕ ਦੇ ਵੱਖ-ਵੱਖ ਪਿੰਡਾਂ ਨਾਲ ਸੰਬੰਧਿਤ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਖਾਣ ਲਈ ਕਣਕ ਦੀ ਵੰਡ ਕੀਤੀ ਗਈ | ਪਿੰਡ ਮੁਰਕਵਾਲਾ ਵਿਖੇ ਸਾਦੇ ਸਮਾਗਮ ਦੌਰਾਨ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਜੋਗਿੰਦਰ ਸਿੰਘ ਜਿੰਦੂ ਹਲਕਾ ਇੰਚਾਰਜ ਫ਼ਿਰੋਜ਼ਪੁਰ ਦਿਹਾਤੀ ਨੇ ਦੱਸਿਆ ਕਿ ਪਾਰਟੀ ਹਮੇਸ਼ਾ ਤੋਂ ਲੋਕ ਹਿਤਾਂ ਦੀ ਪਹਿਰੇਦਾਰ ਰਹੀ ਹੈ ਤੇ ਰਹੇਗੀ | ਉਨ੍ਹਾਂ ਦੱਸਿਆ ਕਿ ਅੱਜ ਸਰਹੱਦੀ ਖੇਤਰ ਦੇ ਕਰੀਬ ਦੋ ਦਰਜਨ ਪਰਿਵਾਰਾਂ ਨੂੰ ਰਾਸ਼ਨ ਵਜੋਂ ਪਾਰਟੀ ਦੀ ਤਰਫ਼ੋਂ ਕਣਕ ਦਿੱਤੀ ਗਈ ਹੈ | ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੋਂ ਪੰਜਾਬ 'ਚ ਹੜ੍ਹਾਂ ਦਾ ਦੌਰ ਸ਼ੁਰੂ ਹੋਇਆ ਸੀ, ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਉਦੋਂ ਤੋਂ ਹੀ ਖਾਣ ਲਈ ਰਾਸ਼ਨ, ਪੀਣ ਵਾਲਾ ਪਾਣੀ, ਪਸ਼ੂਆਂ ਲਈ ਹਰਾ ਤੇ ਸੁੱਕਾ ਚਾਰਾ, ਅਚਾਰ ਆਦਿ ਦੇ ਨਾਲ-ਨਾਲ ਪਾਣੀ ਕਾਰਨ ਬਰਬਾਦ ਹੋਈਆਂ ਫ਼ਸਲਾਂ 'ਚੋਂ ਪਾਣੀ ਕੱਢਣ ਅਤੇ ਜ਼ਮੀਨਾਂ ਪੱਧਰੀਆਂ ਕਰਨ ਲਈ ਹਜ਼ਾਰਾਂ ਲੀਟਰ ਡੀਜ਼ਲ ਤੋਂ ਇਲਾਵਾ ਕਣਕ ਦੀ ਬਿਜਾਈ ਲਈ ਬੀਜ ਵੀ ਮੁਹੱਈਆ ਕਰਵਾਇਆ ਗਿਆ ਸੀ | ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਜਿੰਦੂ ਨੇ ਕਿਹਾ ਪਾਣੀਆਂ ਦੇ ਮਾਰੇ ਲੋਕਾਂ ਲਈ ਸੂਬਾ ਸਰਕਾਰ ਨੇ ਕਰਨਾ ਸੀ ਉਹ ਨਹੀਂ ਕਰ ਪਾਈ, ਪਰ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਲੋਕਾਂ ਦੀ ਮੁੜ ਵਸੇਬੇ ਤੱਕ ਪਾਰਟੀ ਪੱਧਰ 'ਤੇ ਯਤਨ ਕਰਦਾ ਰਹੇਗਾ | ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਟਿੱਬੀ, ਸਕੱਤਰ ਜਨਰਲ ਜੋਗਾ ਸਿੰਘ ਮੁਰਕਵਾਲਾ, ਸਰਕਲ ਪ੍ਰਧਾਨ ਜੱਜਬੀਰ ਸਿੰਘ, ਇੰਦਰਜੀਤ ਟਿੱਬੀ, ਆੜ੍ਹਤੀ ਵਿੱਕੀ ਮੈਣੀ, ਮਿੱਠੂ ਭੁੱਲਰ, ਅਰਸ਼ ਸਾਬਕਾ ਸਰਪੰਚ, ਸੁਰਿੰਦਰ ਕਾਲਾ ਪ੍ਰਧਾਨ, ਬਲਵਿੰਦਰ ਕੱਕੜ, ਬਲਜੀਤ ਸਿੰਘ ਸਿੱਧੂ, ਨੰਬਰਦਾਰ ਵਰਿੰਦਰ ਵੈਰੜ, ਮਹਿਲ ਸਿੰਘ ਕਾਲਾ ਟਿੱਬਾ, ਪਾਲਾ ਸਿੰਘ ਰਿਟਾਇਰਡ ਜੇ. ਈ., ਉਂਕਾਰ ਸਿੰਘ ਮੁਰਕਵਾਲਾ ਤੇ ਸਾਜਨ ਨਿੱਜੀ ਸਕੱਤਰ ਆਦਿ ਮੌਜੂਦ ਸਨ |