ਫ਼ਿਰੋਜ਼ਪੁਰ, 20 ਫਰਵਰੀ (ਰਾਕੇਸ਼ ਚਾਵਲਾ)-ਪੰਜਾਬ 'ਚ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂਅ 'ਤੇ ਹੋ ਰਹੀਆਂ ਠੱਗੀਆਂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ | ਅਜਿਹਾ ਹੀ ਇਕ ਮਾਮਲਾ ਫ਼ਿਰੋਜ਼ਪੁਰ ਦੇ ਥਾਣਾ ਕੈਂਟ ਅਧੀਨ ਸਾਹਮਣੇ ਆਇਆ ਹੈ, ਜਿਥੇ ਭੋਲੇ-ਭਾਲੇ ਲੋਕਾਂ ਨੂੰ ਸੁਪਨੇ ਦਿਖਾ ਕੇ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ | ਥਾਣਾ ਕੈਂਟ ਫ਼ਿਰੋਜ਼ਪੁਰ ਦੇ ਏ. ਐੱਸ. ਆਈ. ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਇਕ ਪੜਤਾਲੀਆ ਰਿਪੋਰਟ ਤੋਂ ਬਾਅਦ ਤਿੰਨ ਮੁਲਜ਼ਮਾਂ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਫ਼ਿਰੋਜ਼ਪੁਰ ਵਿਖੇ ਥਾਣਾ ਕੈਂਟ ਫ਼ਿਰੋਜ਼ਪੁਰ ਪੁਲਿਸ ਦੇ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੜਤਾਲੀਆ ਰਿਪੋਰਟ ਤੋਂ ਬਾਅਦ ਇਨਕੁਆਰੀ ਉਪ ਕਪਤਾਨ ਪੁਲਿਸ ਸ਼ਹਿਰੀ ਫ਼ਿਰੋਜ਼ਪੁਰ ਬਾਅਦ ਹੁਕਮ ਐੱਸ. ਐੱਸ. ਪੀ. ਫ਼ਿਰੋਜ਼ਪੁਰ ਮੌਸੂਲ ਥਾਣਾ ਹੋਈ ਕਿ ਉਤਰਵਾਦੀ ਮਹਿਤਾਬ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਨੇ ਦੌਰਾਨ ਪੜਤਾਲ ਆਪਣੇ ਬਿਆਨ 'ਚ ਵੀ ਮੰਨਿਆ ਹੈ ਕਿ ਉਸ ਦਰਖਾਸਤੀ ਸੁਰਿੰਦਰਪਾਲ ਪੁੱਤਰ ਮੁਨਸ਼ੀ ਰਾਮ ਵਾਸੀ ਡਿਫੈਂਸ ਕਾਲੋਨੀ ਫੇਸ 03 ਮੋਗਾ ਰੋਡ ਫ਼ਿਰੋਜ਼ਪੁਰ ਪਾਸੋਂ 20 ਲੱਖ ਰੁਪਏ ਉਸ ਦੇ ਲੜਕੇ ਰੋਹਿਤ ਕੁਮਾਰ ਤੇ ਨੂੰਹ ਪਾਇਲ ਅਰੋੜਾ ਨੂੰ ਵਿਦੇਸ਼ ਭੇਜਣ ਲਈ ਲਏ ਹਨ, ਜੋ ਉਨ੍ਹਾਂ ਨੂੰ ਵਿਦੇਸ਼ ਨਹੀਂ ਭੇਜ ਸਕਿਆ ਤੇ ਆਪਣੀ ਪਤਨੀ ਮਨਜਿੰਦਰ ਕੌਰ ਨੂੰ ਆਪਣਾ ਪੱਖ ਦੱਸਣ ਸੰਬੰਧੀ 3 ਦਿਨਾਂ ਦਾ ਸਮਾਂ ਲੈ ਕੇ ਗਿਆ ਪਰ ਉਤਰਵਾਦੀ ਮਹਿਤਾਬ ਸਿੰਘ ਨੇ ਆਪਣੀ ਪਤਨੀ ਮਨਜਿੰਦਰ ਕੌਰ ਨੂੰ ਆਪਣਾ ਪੱਖ ਦੱਸਣ ਲਈ ਪੇਸ਼ ਨਹੀਂ ਕੀਤਾ | ਜਿਨ੍ਹਾਂ ਮਹਿਤਾਬ ਸਿੰਘ, ਮਨਜਿੰਦਰ ਕੌਰ ਵਾਸੀਆਨ ਪਿੰਡ ਬੁੱਟਰ ਡਾਕਖ਼ਾਨਾ ਤਹਿਸੀਲ ਵਾ ਜ਼ਿਲ੍ਹਾ ਫ਼ਿਰੋਜ਼ਪੁਰ ਤੇ ਸੰਜੀਵ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਵਾਰਡ ਨੰਬਰ 8, ਆਨੰਦ ਨਗਰ, ਗੜ੍ਹਸ਼ੰਕਰ ਜ਼ਿਲ੍ਹਾ ਐੱਸ. ਬੀ. ਐੱਸ. ਨਗਰ ਨੇ ਮਿਲੀਭੁਗਤ ਕਰਕੇ ਜਾਅਲੀ ਵੀਜ਼ਾ, ਜਾਅਲੀ ਟਿਕਟਾਂ ਤਿਆਰ ਕਰਕੇ ਪਾਸਪੋਰਟ ਖ਼ੁਰਦ ਬੁਰਦ ਕਰਕੇ ਵਿਦੇਸ਼ ਭੇਜਣ ਦੇ ਨਾਂਅ 'ਤੇ 20 ਲੱਖ ਰੁਪਏ ਦੀ ਠੱਗੀ ਮਾਰੀ ਹੈ | ਜਾਂਚ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਦੋਸ਼ੀਆਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |