ਫ਼ਿਰੋਜ਼ਪੁਰ, 21 ਫਰਵਰੀ (ਦਵਿੰਦਰ ਪਾਲ ਸਿੰਘ)-ਗੁਰੂ ਨਾਨਕ ਲਾਅ ਕਾਲਜ ਸਾਈਾਆਵਾਲਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਦਾ ਦੌਰਾ ਕੀਤਾ | ਇਸ ਮੌਕੇ ਕਾਲਜ ਦੇ ਚੇਅਰਮੈਨ ਅਸੀਸਪ੍ਰੀਤ ਸਿੰਘ ਸਾਈਾਆਵਾਲਾ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਦੌਰੇ ਲਾਅ ਦੇ ਵਿਦਿਆਰਥੀਆਂ ਲਈ ਬਹੁਤ ਹੀ ਲਾਭਦਾਇਕ ਹੁੰਦੇ ਹਨ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਅਦਾਲਤੀ ਕਾਰਵਾਈ ਦੀ ਵਿਹਾਰਕ ਜਾਣਕਾਰੀ ਮਿਲਦੀ ਹੈ, ਜੋ ਕਿ ਉਨ੍ਹਾਂ ਨੂੰ ਭਵਿੱਖ 'ਚ ਕਾਨੂੰਨੀ ਪੇਸ਼ੇ ਲਈ ਤਿਆਰੀ ਵਿਚ ਸਹਾਈ ਹੁੰਦੀ ਹੈ | ਇਹ ਦੌਰਾ ਡਾ. ਅਜ਼ਵਰ ਖ਼ਾਨ, ਸਹਾਇਕ ਪ੍ਰੋਫੈਸਰ ਚੀਨਾ, ਸਹਾਇਕ ਪ੍ਰੋਫੈਸਰ ਰਾਧਿਕਾ ਤੇ ਸਹਾਇਕ ਪ੍ਰੋਫੈਸਰ ਜੋਤੀ ਦੇ ਦਿਸ਼ਾ-ਨਿਰਦੇਸ਼ ਹੇਠ ਕਰਵਾਇਆ | ਡਾ. ਅਜ਼ਵਰ ਖ਼ਾਨ ਨੇ ਵੀ ਕਿਹਾ ਕਿ ਇਸ ਤਰ੍ਹਾਂ ਦੇ ਦੌਰਿਆਂ ਨਾਲ ਵਿਦਿਆਰਥੀਆਂ ਦੇ ਪ੍ਰਯੋਗਿਕ ਗਿਆਨ ਵਿਚ ਵਾਧਾ ਹੁੰਦਾ ਹੈ ਤੇ ਉਹ ਅਦਾਲਤ ਦੀ ਕਾਰਗੁਜ਼ਾਰੀ ਨੂੰ ਨਜ਼ਦੀਕ ਤੋਂ ਸਮਝ ਸਕਦੇ ਹਨ | ਸਭ ਤੋਂ ਪਹਿਲਾਂ ਵਿਦਿਆਰਥੀਆਂ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਮਾਨਯੋਗ ਸੁਮਿਤ ਮਲਹੋਤਰਾ ਦੀ ਅਦਾਲਤ ਵਿਚ ਜਾ ਕੇ ਜ਼ਮਾਨਤ ਦੀ ਪ੍ਰਕਿਰਿਆ ਨੂੰ ਸਮਝਿਆ | ਇਸ ਤੋਂ ਬਾਅਦ ਉਨ੍ਹਾਂ ਨੇ ਨਵਲ ਕੁਮਾਰ ਦੀ ਅਦਾਲਤ ਵਿਚ ਕਾਰਵਾਈ ਦੇਖੀ | ਫਿਰ ਸੁਮਿਤ ਢਿੱਲੋਂ ਦੀ ਅਦਾਲਤ 'ਚ ਗਏੇ | ਜਿਥੇ ਘਰੇਲੂ ਹਿੰਸਾ ਨਾਲ ਸੰਬੰਧਿਤ ਮਾਮਲਿਆਂ ਦੀ ਕਾਰਵਾਈ ਬਾਰੇ ਜਾਣਕਾਰੀ ਮਿਲੀ | ਵਿਦਿਆਰਥੀਆਂ ਨੇ ਅਨੂਪ ਸਿੰਘ (3.ਜੇ.ਐਮ) ਦੀ ਅਦਾਲਤ 'ਚ ਵੀ ਵੱਖ-ਵੱਖ ਕਾਨੂੰਨੀ ਪ੍ਰਕਿਰਿਆਵਾਂ ਨੂੰ ਦੇਖਿਆ | ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਇੰਦਰਜੀਤ ਸਿੰਘ ਸਿੱਧੂ (ਸਿਵਲ ਜੱਜ ਜੂਨੀਅਰ ਡਿਵੀਜ਼ਨ) ਦੀ ਅਦਾਲਤ ਵਿਚ ਵੀ ਕਾਰਵਾਈ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਬਾਅਦ 'ਚ ਸਾਰੇ ਵਿਦਿਆਰਥੀਆਂ ਨੇ ਵੱਖ-ਵੱਖ ਅਦਾਲਤਾਂ ਦਾ ਦੌਰਾ ਕਰਕੇ ਕਾਨੂੰਨੀ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ | ਅਦਾਲਤ ਦੇ ਕਾਨੰਫਰੰਸ ਰੂਮ 'ਚ ਹੋਈ ਇਕ ਮੀਟਿੰਗ ਦੌਰਾਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੁਮਿਤ ਮਲਹੋਤਰਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਕਾਨੂੰਨ ਦੇ ਖੇਤਰ 'ਚ ਆਪਣਾ ਭਵਿੱਖ ਬਣਾਉਣ ਬਾਰੇ ਵਿਸਥਾਰ ਨਾਲ ਦੱਸਿਆ | ਉਨ੍ਹਾਂ ਨੇ ਵਿਦਿਆਰਥੀਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ | ਇਸ ਦੌਰੇ ਦੌਰਾਨ ਪ੍ਰਧਾਨ ਲਵਜੀਤਪਾਲ ਸਿੰਘ ਟੁਰਨਾ ਵੀ ਮੌਜੂਦ ਸਨ ਤੇ ਪੰਕਜ ਰਾਮਪਾਲ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ | ਅੰਤ 'ਚ ਸਾਰੇ ਵਿਦਿਆਰਥੀ ਬਾਰ ਭਵਨ ਗਏ ਜਿਥੇ ਉਨ੍ਹਾਂ ਨੂੰ ਡਿਗਰੀ ਤੋਂ ਬਾਅਦ ਬਾਰ ਕੌਂਸਲ ਵਿਚ ਇਨਰੋਲਮੈਂਟ ਦੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਮੌਕੇ ਕਾਲਜ ਦੇ ਸਾਰੇ ਵਿਦਿਆਰਥੀ ਹਾਜ਼ਰ ਸਨ |