ਪੰਜੇ ਕੇ ਉਤਾੜ, 21 ਫਰਵਰੀ (ਪੱਪੂ ਸੰਧਾ)-ਜੇ. ਐਨ. ਇੰਟਰਨੈਸ਼ਨਲ ਸਕੂਲ ਸੈਦੇ ਕੇ ਮੋਹਨ ਵਿਖੇ ਬੱਚਿਆਂ 'ਚ ਵਿਗਿਆਨਿਕ ਰੁਚੀਆਂ ਵਿਕਸਿਤ ਕਰਨ ਲਈ ਸਕੂਲ ਪੱਧਰ 'ਤੇ ਮਾਡਲਸ ਪ੍ਰਦਰਸ਼ਨੀ ਲਗਾਈ ਗਈ | ਇਹ ਪ੍ਰਦਰਸ਼ਨੀ ਲਗਾਉਣ ਦਾ ਮਨੋਰਥ ਇਹ ਹੈ ਕਿ ਵਿਦਿਆਰਥੀ ਜੀਵਨ ਤੋਂ ਹੀ ਬੱਚੇ ਨਵੀਂ ਟੈਕਨੌਲੋਜੀ, ਨਵੀਂ ਨਰੋਈ ਅਗਹਾਂਵਧੂ ਸੋਚ ਤੇ ਸੰਸਾਰ ਪੱਧਰ ਉੱਪਰ ਪੈ੍ਰਕਟੀਕਲੀ ਤਕਨੀਕੀ ਸਿੱਖਿਆ ਹਾਸਿਲ ਕਰ ਸਕਣ | ਸਕੂਲ ਤੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕਰਨ ਦੇ ਨਾਲ-ਨਾਲ ਆਪਣੇ ਸੁਨਹਿਰੀ ਭਵਿੱਖ ਦਾ ਸੁਪਨਾ ਸਾਕਾਰ ਕਰ ਸਕਣ | ਇਸ ਪ੍ਰਦਰਸ਼ਨੀ 'ਚ ਬੱਚਿਆਂ ਦੀ ਹੌਸਲੇ ਅਫਜਾਈ ਲਈ ਸਕੂਲ ਦੇ ਚੇਅਰਮੈਨ ਜਨਕ ਰਾਜ ਮੁੰਜਾਲ, ਮੈਨੇਜਿੰਗ ਡਾਇਰੈਕਟਰ ਅਰਜੁਨ ਮੁੰਜਾਲ, ਮੈਨੇਜਮੈਂਟ ਮੈਂਬਰ ਏਕਤਾ ਮੁੰਜਾਲ, ਮੈਨੇਜਮੈਂਟ ਮੈਂਬਰ ਅੰਜਲੀ ਚਾਨਣਾ ਤੇ ਸਕੂਲ ਦੇ ਪਿ੍ੰਸੀਪਲ ਡਾ. ਰਵਿੰਦਰ ਕੁਮਾਰ ਉਚੇਚੇ ਤੌਰ 'ਤੇ ਹਾਜ਼ਰ ਰਹੇ | ਇਹ ਪ੍ਰਦਰਸ਼ਨੀ 'ਚ ਬੱਚਿਆਂ ਵਲੋਂ ਅਲੱਗ-ਅਲੱਗ ਵਿਸ਼ਿਆਂ 'ਤੇ ਮਾਡਲ ਬਣਾਏ ਗਏ | ਜਿਵੇਂ ਕਿ ਏ. ਆਈ. ਰੋਬੋਟ, ਵਿਗਿਆਨ ਪ੍ਰਦਰਸ਼ਨੀ ਵਿਚ ਬੱਚਿਆਂ ਨੇ ਬੂਟਿਆਂ ਦੇ ਭਾਗ ਜੋ ਭੋਜਨ ਦੇ ਤੌਰ 'ਤੇ ਵਰਤੇ ਜਾਂਦੇ ਹਨ | ਭੋਜਨ ਵਿਚ ਪ੍ਰੋਟੀਨ ਅਤੇ ਚਰਬੀ ਦੀ ਪਰਖ ਕਰਨਾ, ਬੂਟੇ, ਝਾੜੀ ਅਤੇ ਰੁੱਖਾਂ ਨੂੰ ਜਾਨਣਾ, ਪਾਣੀ ਅਤੇ ਦੁੱਧ ਦੀ ਸ਼ੁੱਧਤਾ ਦੀ ਜਾਂਚ, ਕੁਦਰਤੀ ਅਤੇ ਬਣਾਉਟੀ ਰੇਸ਼ੇ ਦੀ ਪਰਖ, ਸਾਹ ਲੈਣ ਦੀ ਵਿਧੀ ਨੂੰ ਸਮਝਣਾ ਆਦਿ ਕਿਰਿਆਵਾਂ ਕੀਤੀਆਂ | ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਵਿਚ ਸਰੋਂ੍ਹ ਦਾ ਸਾਗ, ਮੱਕੀ ਦੀ ਰੋਟੀ ਤੇ ਪੁਰਾਣੇ ਰੀਤੀ ਰਿਵਾਜ਼ਾਂ ਨੂੰ ਦਰਸਾਇਆ ਗਿਆ, ਜੋ ਕਿ ਮਾਪਿਆਂ ਤੇ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ | ਸਕੂਲ ਦੇ ਪਿ੍ੰਸੀਪਲ ਡਾ. ਰਵਿੰਦਰ ਕੁਮਾਰ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜਿਹੇ ਵਿਗਿਆਨ ਮੇਲੇ ਬੱਚਿਆਂ 'ਚੋਂ ਅੰਧ-ਵਿਸ਼ਵਾਸ ਅਤੇ ਅਗਿਆਨਤਾ ਨੂੰ ਦੂਰ ਕਰਕੇ ਗਿਆਨ ਦੇ ਰਸਤੇ ਵੱਲ ਲੈ ਕੇ ਜਾਂਦੇ ਹਨ | ਉਨ੍ਹਾਂ ਸਕੂਲ ਦੇ ਵਿਦਿਆਰਥੀਆਂ ਤੇ ਸਮੂਹ ਸਟਾਫ਼ ਦੀ ਮਿਹਨਤ ਦੀ ਖ਼ੂਬ ਪ੍ਰਸੰਸਾ ਕੀਤੀ ਅਤੇ ਚੰਗੇਰੇ ਭਵਿੱਖ ਲਈ ਸਭ ਨੂੰ ਮੁਬਾਰਕਾਂ ਵੀ ਦਿੱਤੀਆਂ |