ਫ਼ਿਰੋਜ਼ਪੁਰ, 22 ਫਰਵਰੀ (ਕੁਲਬੀਰ ਸਿੰਘ ਸੋਢੀ)-ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਕਿਸਾਨ ਤੇ ਮਜ਼ਦੂਰ ਵਿਰੋਧੀ ਬਿੱਲਾਂ ਅਤੇ ਸਮਝੌਤਿਆਂ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵਲੋਂ ਪੂਰੇ ਪੰਜਾਬ ਵਿਚ ਭਾਜਪਾ ਅਤੇ ਆਮ ਆਦਮੀ ਪਾਰਟੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ | ਜਿਸ ਤਹਿਤ ਫ਼ਿਰੋਜ਼ਪੁਰ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਕਿਸਾਨਾਂ ਵਲੋਂ ਬੀ. ਜੇ. ਪੀ. ਦੇ ਸੀਨੀਅਰ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਕਿਸਾਨ ਆਗੂ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿੱਲ ਲਿਆ ਕਿ ਪੰਜਾਬ ਤੇ ਦੇਸ਼ ਦੇ ਲੋਕਾਂ ਤੋਂ ਬਿਜਲੀ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦਿੱਤੀ ਜਾ ਰਹੀ ਹੈ, ਜੋ ਸਰਾਸਰ ਧੱਕਾ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਕਿਸਾਨੀ ਨੂੰ ਮਾਰਨ ਲਈ ਬੀਜ ਬਿੱਲ ਅਤੇ ਅਮਰੀਕਾ ਨਾਲ ਕੀਤਾ ਟੈਕਸ ਮੁਕਤ ਵਪਾਰ ਸਮਝੌਤਾ ਲਿਆਂਦਾ ਜਾ ਰਿਹਾ, ਜਿਸ ਨਾਲ ਪੰਜਾਬ ਸਮੇਤ ਪੂਰੇ ਭਾਰਤ ਦਾ ਖੇਤੀ ਖੇਤਰ ਤਬਾਹ ਹੋ ਜਾਵੇਗਾ | ਜਿਸ ਦਾ ਸਭ ਤੋਂ ਵੱਧ ਅਸਰ ਪੰਜਾਬ 'ਤੇ ਪਵੇਗਾ | ਮਹਿਮਾ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਤਾਂ ਪਹਿਲਾ ਹੀ ਕਰਜ਼ੇ ਹੇਠ ਡੱੁਬਿਆ ਹੋਇਆ ਤੇ ਇਨ੍ਹਾਂ ਨਵੇਂ ਬਿੱਲਾਂ ਤੇ ਟੈਕਸ ਮੁਕਤ ਵਪਾਰ ਸਮਝੌਤੇ ਨਾਲ ਕਿਸਾਨੀ ਦਾ ਦੀਵਾਲ਼ੀਆ ਨਿਕਲ ਜਾਵੇਗਾ | ਆਗੂ ਨੇ ਸੰਬੋਧਨ ਕਰਦੇ ਹੋਏ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਮਗਨਰੇਗਾ ਵਰਗੇ ਥੋੜਾ ਬਹੁਤ ਲੋਕਾਂ ਨੂੰ ਰਾਹਤ ਦੇਣ ਵਾਲੇ ਕਾਨੂੰਨ ਵੀ ਖ਼ਤਮ ਕੀਤੇ ਜਾ ਰਹੇ ਹਨ ਅਤੇ ਚਾਰ ਲੇਬਰ ਕੋਡ ਪਾਸ ਕਰਕੇ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਹੱਕ ਖੋਹੇ ਜਾ ਰਹੇ ਹਨ | ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਿਆਂ ਨੂੰ ਖ਼ਤਮ ਕਰਨ ਦੇ ਨਾਲ ਐੱਮ. ਐੱਸ. ਪੀ. ਦਾ ਗਰੰਟੀ ਕਾਨੂੰਨ ਬਣਾਇਆ ਜਾਵੇ, ਸਾਰੇ ਲੋਕ ਵਿਰੋਧੀ ਬਿੱਲ ਵਾਪਸ ਲਏ ਜਾਣ ਤੇ ਅਮਰੀਕਾ ਨਾਲ ਕੀਤਾ ਮੁਕਤ ਵਪਾਰ ਸਮਝੌਤਾ ਤੁਰੰਤ ਰੱਦ ਕੀਤਾ ਜਾਵੇ | ਧਰਨੇ ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਲਵਿੰਦਰ ਸਿੰਘ ਸ਼ੇਰਖਾਂ, ਗੁਰਸੇਵਕ ਸਿੰਘ ਤਲਵੰਡੀ ਜੱਲੇਖਾ, ਬੀ. ਕੇ. ਯੂ. ਡਕੌਦਾਂ ਦੇ ਜਾਗੀਰ ਸਿੰਘ ਖਹਿਰਾ, ਬੀ. ਕੇ. ਯੂ. ਲੱਖੋਵਾਲ ਦੇ ਹਰਦਿਆਲ ਸਿੰਘ, ਸੁਖਮੰਦਰ ਸਿੰਘ ਸ਼ੂਸ਼ਕ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬੁੱਟਰ ਦੇ ਗੁਰਮੀਤ ਸਿੰਘ ਪੋਜੋਕੇ, ਜਤਿੰਦਰ ਰੌਫੀ, ਕੁਲ ਹਿੰਦ ਕਿਸਾਨ ਸਭਾ ਦੇ ਗੁਰਦਿੱਤ ਸਿੰਘ, ਬੀਕੇਯੂ ਪੰਜਾਬ ਦੇ ਪ੍ਰਕਾਸ਼ ਸਿੰਘ, ਕਿਸਾਨ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਜਗਰੂਪ ਸਿੰਘ ਭੁੱਲਰ, ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਅਰਾਈਆਂ ਵਾਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ |