ਫ਼ਿਰੋਜ਼ਪੁਰ, 22 ਫਰਵਰੀ (ਕੁਲਬੀਰ ਸਿੰਘ ਸੋਢੀ)-ਭਾਕਿਯੂ ਸਿੱਧੂਪੁਰ ਦੇ ਆਗੂ ਗੁਰਮੀਤ ਸਿੰਘ ਘੋੜੇ ਚੱਕ ਨੇ ਭਾਰਤ ਤੇ ਅਮਰੀਕਾ ਵਿਚਕਾਰ ਹੋਏ ਟੈਕਸ ਮੁਕਤ ਵਪਾਰ ਸਮਝੌਤੇ 'ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਇਹ ਸਮਝੌਤਾ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਦਬਾਅ ਤਹਿਤ ਕੀਤਾ ਗਿਆ ਹੈ, ਜੋ ਭਾਰਤ ਦੀ ਕਿਸਾਨੀ ਲਈ ਵੱਡਾ ਖ਼ਤਰਾ ਹੈ | ਜਿਸ ਦਾ ਵੱਡਾ ਨੁਕਸਾਨ ਪੰਜਾਬ ਨੂੰ ਦੀ ਕਿਸਾਨੀ ਨੂੰ ਹੋਵੇਗਾ, ਕਿਉਂਕਿ ਖੇਤੀ ਆਧਾਰਿਤ ਸੂਬਾ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਇਸ ਸਮਝੌਤੇ ਅਧੀਨ ਹੋਈਆਂ ਸ਼ਰਤਾਂ ਨੂੰ ਲੁਕਾ ਕੇ ਰੱਖ ਰਹੀ ਹੈ, ਜਦਕਿ ਸਾਰੀ ਸਥਿਤੀ ਨੂੰ ਲੋਕ ਸਭਾ ਵਿਚ ਸਾਰਿਆਂ ਸਾਹਮਣੇ ਸਪੱਸ਼ਟ ਕਰਨਾ ਚਾਹੀਦਾ ਹੈ | ਆਗੂ ਗੁਰਮੀਤ ਸਿੰਘ ਨੇ ਕਿਹਾ ਕਿ 56 ਇੰਚ ਦੀ ਛਾਤੀ ਵਾਲੀਆਂ ਗੱਲਾਂ ਕਰਨ ਵਾਲੇ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਅੱਗੇ ਗੋਡੇ ਟੇਕ ਦਿੱਤੇ ਹਨ, ਜੋ ਅਤਿ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਸਮਝੌਤਾ ਕਾਰਪੋਰੇਟ ਘਰਾਣਿਆਂ ਦੇ ਦਬਾਅ ਅਧੀਨ ਕੀਤਾ ਹੈ ਜੋ ਇਕੱਲੇ ਕਿਸਾਨਾਂ ਲਈ ਹੀ ਨਹੀਂ ਬਲਕਿ ਦੇਸ਼ ਦੇ ਹਰ ਵਿਅਕਤੀ ਲਈ ਘਾਤਕ ਸਿੱਧ ਹੋਵੇਗਾ | ਉਨ੍ਹਾਂ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਸਮਝੌਤੇ ਨੂੰ ਤੁਰੰਤ ਰੱਦ ਕਰਕੇ ਦੇਸ਼ ਦੇ ਉੱਜਵਲ ਭਵਿੱਖ ਵਾਲੇ ਸਮਝੌਤੇ ਨੂੰ ਪਹਿਲ ਦਿਓ ਤਾਂ ਕਿ ਦੇਸ਼ ਦੀ ਜਨਤਾ ਤਰੱਕੀ ਕਰ ਸਕੇ |