ਜ਼ੀਰਾ, 24 ਫ਼ਰਵਰੀ (ਹਰਜੀਤ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਪੰਥ ਤੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਖ਼ਾਲਸਾ ਵਹੀਰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮਿ੍ਤਸਰ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੱਕ ਕੱਢੀ ਜਾ ਰਹੀ ਹੈ, ਜਿਸ ਦਾ ਜ਼ੀਰਾ ਪੁੱਜਣ 'ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ | ਇਸ ਸੰਬੰਧੀ ਪਾਰਟੀ ਦੇ ਜ਼ਿਲ੍ਹਾ ਆਗੂ ਹਰਜਿੰਦਰ ਸਿੰਘ ਹਸਮਤ ਵਾਲਾ ਤੇ ਬਲਾਕ ਆਗੂ ਅਮਰਜੀਤ ਸਿੰਘ ਮਠਾੜੂ ਨੇ ਜ਼ੀਰਾ ਵਿਖੇ ਦੱਸਿਆ ਕਿ ਇਹ ਖ਼ਾਲਸਾ ਵਹੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ 25 ਫ਼ਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮਿ੍ਤਸਰ ਤੋਂ ਰਵਾਨਾ ਹੋਵੇਗੀ ਜੋ ਵੱਖ-ਵੱਖ ਪੜਾਵਾਂ ਵਿਚੋਂ ਦੀ ਹੁੰਦੀ ਹੋਈ 25 ਫ਼ਰਵਰੀ ਨੂੰ ਹੀ ਦਾਣਾ ਮੰਡੀ ਜ਼ੀਰਾ ਵਿਖੇ ਬਾਅਦ ਦੁਪਹਿਰ ਤਿੰਨ ਵਜੇ ਪਹੁੰਚੇਗੀ | ਉਨ੍ਹਾਂ ਦੱਸਿਆ ਕਿ ਦਾਣਾ ਮੰਡੀ ਜ਼ੀਰਾ ਵਿਖੇ ਪੰਥਕ ਆਗੂਆਂ ਤੇ ਪ੍ਰਚਾਰਕਾਂ ਵਲੋਂ ਪੰਥ ਅਤੇ ਪੰਜਾਬ ਦੇ ਅਜੋਕੇ ਸਮੇਂ ਦੇ ਹਾਲਤਾਂ ਅਤੇ ਸਮੱਸਿਆਵਾਂ ਬਾਰੇ ਵਿਚਾਰਾਂ ਸਾਂਝੀਆਂ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀਆਂ ਭਵਿੱਖ ਸੰਬੰਧੀ ਨੀਤੀਆਂ ਵੀ ਸੰਗਤਾਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ | ਇਸ ਦੌਰਾਨ ਢਾਡੀ ਤੇ ਕਵੀਸ਼ਰੀ ਜਥਿਆਂ ਵਲੋਂ ਵੀ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ | ਖ਼ਾਲਸਾ ਵਹੀਰ 'ਚ ਸ਼ਾਮਿਲ ਸੰਗਤਾਂ ਦਾ ਰਾਤ ਦਾ ਵਿਸ਼ਰਾਮ ਗੁਰਦੁਆਰਾ ਸ਼ਹੀਦ ਗੰਜ ਮੁੱਦਕੀ ਵਿਖੇ ਹੋਵੇਗਾ ਜਿਥੇ ਦੀਵਾਨ ਸਜਾਏ ਜਾਣਗੇ ਰਾਗੀ, ਢਾਡੀ ਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਪੰਥ ਪੰਜਾਬ ਬਾਰੇ ਵਿਚਾਰ ਚਰਚਾ ਹੋਵੇਗੀ | ਇਸ ਖ਼ਾਲਸਾ ਵਹੀਰ ਦੀ ਸਮਾਪਤੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 26 ਫ਼ਰਵਰੀ ਨੂੰ ਹੋਵੇਗੀ ਤੇ 27 ਫ਼ਰਵਰੀ ਨੂੰ ਸੰਗਤਾਂ ਨੂੰ ਅੰਮਿ੍ਤ ਛਕਾਇਆ ਜਾਵੇਗਾ | ਇਸ ਮੌਕੇ ਪਾਰਟੀ ਆਗੂਆਂ 'ਚ ਰਘਬੀਰ ਸਿੰਘ ਸਨ੍ਹੇਰ, ਹਰਦੀਪ ਸਿੰਘ ਹਰਦਾਸਾ ਅਤੇ ਨਰਿੰਦਰ ਸਿੰਘ ਹਾਜ਼ਰ ਸਨ |