ਮਮਦੋਟ, 26 ਫਰਵਰੀ (ਸੁਖਦੇਵ ਸਿੰਘ ਸੰਗਮ)-ਮਮਦੋਟ ਖੇਤਰ ਵਿਚ ਹਰੇ ਰੁੱਖਾਂ ਦੀ ਨਾਜਾਇਜ਼ ਤੌਰ 'ਤੇ ਕਟਾਈ ਜ਼ੋਰਾਂ 'ਤੇ ਹੋ ਰਹੀ ਹੈ | ਆਏ ਦਿਨ ਸੜਕਾਂ ਕਿਨਾਰੇ ਖੜ੍ਹੇ ਸਰਕਾਰੀ ਦਰਖ਼ਤ ਦਿਨ ਦਿਹਾੜੇ ਬਿਨਾਂ ਕਿਸੇ ਡਰ ਦੇ ਕੱਟੇ ਜਾ ਰਹੇ ਹਨ ਪਰ ਸਰਕਾਰ ਦਾ ਜੰਗਲਾਤ ਵਿਭਾਗ ਲੱਕੜ ਚੋਰਾਂ ਖ਼ਿਲਾਫ਼ ਕਾਰਵਾਈ ਦੇ ਨਾਂਅ 'ਤੇ ਸਿਰਫ਼ ਚਲਾਨ ਕਰਨ ਤੱਕ ਹੀ ਸਿਮਤ ਹੈ | ਜਾਣਕਾਰੀ ਮੁਤਾਬਿਕ ਮਮਦੋਟ ਤੋਂ ਖਾਈ ਫੇਮੇ ਕੀ ਰੋਡ 'ਤੇ ਮੰਗਲਵਾਰ ਦੇਰ ਰਾਤ ਨੂੰ ਕੁੱਝ ਨਾਮਾਲੂਮ ਵਿਅਕਤੀਆਂ ਦੁਆਰਾ ਪਿੰਡ ਹੁਸੈਨਸ਼ਾਹ ਵਾਲਾ ਨੇੜੇ ਇਕ ਦਰਜਨ ਸਫ਼ੈਦਾ ਤੇ ਹੋਰ ਛੋਟੇ-ਵੱਡੇ ਰੁੱਖਾਂ ਨੂੰ ਨਿਸ਼ਾਨਾ ਬਣਾਇਆ | ਪਰ ਵਣ ਵਿਭਾਗ ਦੀ ਲੇਬਰ ਨੂੰ ਪਤਾ ਚੱਲਣ 'ਤੇ ਉਕਤ ਲੱਕੜ ਚੋਰ ਮੌਕੇ ਤੋਂ ਫ਼ਰਾਰ ਹੋ ਗਏ, ਲੇਬਰ ਮੁਤਾਬਿਕ ਉਕਤ ਵਿਅਕਤੀ ਕੁੱਝ ਰੁੱਖ ਚੋਰੀ ਕਰ ਲੈ ਗਏ ਸਨ ਜਦਕਿ ਉਨ੍ਹਾਂ ਦੇ ਪਹੁੰਚਣ ਕਾਰਨ ਬਾਕੀ ਲੱਕੜਾਂ ਮੌਕੇ 'ਤੇ ਹੀ ਛੱਡ ਗਏ | ਲਗਾਤਾਰ ਹੋ ਰਹੀਆਂ ਰੁੱਖਾਂ ਦੀ ਕਟਾਈ ਦੀਆਂ ਘਟਨਾਵਾਂ ਤੋਂ ਚਿੰਤਤ ਸਥਾਨਕ ਲੋਕਾਂ ਦੁਆਰਾ ਆਪਣਾ ਕਰੜਾ ਰੋਸ ਜ਼ਾਹਿਰ ਕਰਦੇ ਹੋਏ ਸਰਕਾਰ ਤੇ ਵਿਭਾਗ ਨੂੰ ਦਿਨੋਂ-ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸ਼ੁੱਧ ਬਣਾਈ ਰੱਖਣ ਲਈ ਘੱਟੋ-ਘੱਟ ਹਰੇ ਦਰੱਖਤਾਂ ਦੀ ਕਟਾਈ ਨੂੰ ਸਖ਼ਤੀ ਨਾਲ ਰੋਕਣ ਦੀ ਅਪੀਲ ਕੀਤੀ ਹੈ | ਲੋਕਾਂ ਨੇ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਉਕਤ ਰੁੱਖ ਕੱਟਣ ਵਾਲੇ ਲੋਕਾਂ ਦੀ ਪਛਾਣ ਕਰਕੇ ਮਿਸਾਲੀ ਸਜ਼ਾ ਦਵਾਈ ਜਾਵੇ | ਇਲਾਕੇ 'ਚ ਰੁੱਖ ਕੱਟਣ ਦੀਆਂ ਘਟਨਾਵਾਂ ਬਾਰੇ ਜਦੋਂ ਵਣ ਵਿਭਾਗ ਦੇ ਸਥਾਨਕ ਗਾਰਡ ਦਵਿੰਦਰ ਸਿੰਘ ਨੇ ਮੰਨਿਆ ਕਿ ਦਰੱਖ਼ਤ ਚੋਰੀ ਹੋ ਰਹੇ ਹਨ ਅਤੇ ਕਿਹਾ ਕਿ ਜ਼ਿੰਮੇਵਾਰ ਵਿਅਕਤੀਆਂ ਕੋਲੋਂ ਬਣਦੇ ਜੁਰਮਾਨੇ ਵਸੂਲ ਕੀਤੇ ਜਾਣਗੇ ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸਰਕਾਰ ਵਲੋਂ ਰੁੱਖਾਂ ਦੀ ਕਟਾਈ 'ਤੇ ਲਾਈ ਗਈ ਪਾਬੰਦੀ ਦੇ ਬਾਵਜੂਦ ਵੀ ਇਹ ਵਾਰਦਾਤਾਂ ਕਿਉਂ ਨਹੀਂ ਰੁਕ ਰਹੀਆਂ, ਤਾਂ ਵਣ ਗਾਰਡ ਨੇ ਬੜਾ ਲਾਪ੍ਰਵਾਹੀ ਭਰਿਆ ਜਵਾਬ ਦਿੰਦੇ ਹੋਏ ਕਿਹਾ ਕਿ ਸਰਕਾਰ ਨੇ ਤਾਂ ਨਸ਼ਿਆਂ 'ਤੇ ਵੀ ਪਾਬੰਦੀ ਲਾਈ ਹੋਈ ਹੈ ਫਿਰ ਨਸ਼ਾ ਕਿਹੜਾ ਬੰਦ ਹੋ ਗਿਆ ਹੈ | ਇਕ ਸਰਕਾਰੀ ਕਰਮਚਾਰੀ ਦੁਆਰਾ ਡਿਊਟੀ 'ਤੇ ਹੋਣ ਦੇ ਬਾਵਜੂਦ ਸਰਕਾਰੀ ਹੁਕਮਾਂ ਦੀ ਇਸ ਤਰ੍ਹਾਂ ਨੁਕਤਾਚੀਨੀ ਕਰਨਾ ਇਸ ਗੱਲ ਦਾ ਕਥਿਤ ਪ੍ਰਮਾਣ ਦੇ ਰਿਹਾ ਹੈ ਕਿ 'ਆਪ' ਸਰਕਾਰ ਦੇ ਆਪਣੇ ਕਰਮਚਾਰੀ ਹੀ ਆਦੇਸ਼ਾਂ ਨੂੰ ਟਿੱਚ ਸਮਝਦੇ ਹਨ ਤਾਂ ਆਮ ਲੋਕਾਂ ਵਿਚ ਇਸ ਦੀ ਕੀ ਪ੍ਰਵਾਹ ਹੋ ਸਕਦੀ ਹੈ |