ਫ਼ਿਰੋਜ਼ਪੁਰ, 27 ਫਰਵਰੀ (ਰਾਕੇਸ਼ ਚਾਵਲਾ)-ਉੱਤਰ ਰੇਲਵੇ ਫ਼ਿਰੋਜ਼ਪੁਰ ਮੰਡਲ ਦੇ ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ ਰੇਲ ਯਾਤਰੀਆਂ ਦੀ ਸਹੂਲਤ ਲਈ 27 ਫਰਵਰੀ 2026 ਨੂੰ 'ਰੇਪਿਡੋ' ਐਪ ਆਧਾਰਤ ਆਵਾਜਾਈ ਸੇਵਾ ਦੀ ਸ਼ੁਰੂਆਤ ਕੀਤੀ ਗਈ | ਇਹ ਸਹੂਲਤ 'ਨਾਨ ਫੇਅਰ ਰੈਵੇਨਿਊ' ਸੇਵਾ ਦੇ ਅੰਤਰਗਤ ਤਿੰਨ ਸਾਲਾਂ ਲਈ ਸ਼ੁਰੂ ਕੀਤੀ ਗਈ ਹੈ | ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਸਟੇਸ਼ਨ 'ਤੇ ਰੇਪਿਡੋ ਦਾ ਇਕ ਵਿਸ਼ੇਸ਼ ਕਾਊਾਟਰ ਵੀ ਸਥਾਪਿਤ ਕੀਤਾ ਗਿਆ ਹੈ | ਜਿਥੋਂ ਯਾਤਰੀ ਐਪ ਸੰਬੰਧੀ ਜਾਣਕਾਰੀ ਤੇ ਸਹਾਇਤਾ ਪ੍ਰਾਪਤ ਕਰ ਸਕਦੇ ਹਨ | ਰੇਪਿਡੋ ਇਕ ਭਾਰਤੀ ਐਪ ਆਧਾਰਤ ਟੈਕਸੀ ਸੇਵਾ ਹੈ, ਜਿਸ ਰਾਹੀਂ ਈ-ਰਿਕਸ਼ਾ, ਆਟੋ, ਬਾਈਕ ਤੇ ਕੈਬ ਬੁੱਕ ਕੀਤੀ ਜਾ ਸਕਦੀ ਹੈ | ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਸ ਪਹਿਲਕਦਮੀ ਨਾਲ ਯਾਤਰੀਆਂ ਨੂੰ ਆਉਣ-ਜਾਣ ਵਿਚ ਕਾਫ਼ੀ ਸਹੂਲਤ ਮਿਲੇਗੀ | ਉਨ੍ਹਾਂ ਕਿਹਾ ਕਿ ਯਾਤਰੀਆਂ ਦੀਆਂ ਲੋੜਾਂ ਨੂੰ ਦੇਖਦੇ ਹੋਏ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਸੇਵਾਵਾਂ ਦਾ ਵਿਸਤਾਰ ਫ਼ਿਰੋਜ਼ਪੁਰ ਮੰਡਲ ਦੇ ਹੋਰ ਰੇਲਵੇ ਸਟੇਸ਼ਨਾਂ 'ਤੇ ਵੀ ਕੀਤਾ ਜਾਵੇਗਾ | ਇਸ ਪਹਿਲ ਦਾ ਉਦੇਸ਼ ਜਿੱਥੇ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਹੈ ਉਥੇ ਹੀ ਨਾਨ ਫੇਅਰ ਰੈਵੇਨਿਊ ਆਮਦਨ ਦੇ ਸਰੋਤਾਂ ਨੂੰ ਵੀ ਮਜ਼ਬੂਤੀ ਪ੍ਰਦਾਨ ਕਰਨਾ ਹੈ | ਉਨ੍ਹਾਂ ਦੱਸਿਆ ਕਿ ਰੇਪਿਡੋ ਐਪ ਨੂੰ 'ਰੇਲ ਵਨ' ਐਪ 'ਤੇ ਦਿਖਾਉਣ ਲਈ ਆਈ. ਆਰ. ਸੀ. ਟੀ. ਸੀ. ਨੂੰ ਵੀ ਪ੍ਰਸਤਾਵ ਭੇਜਿਆ ਗਿਆ ਹੈ, ਤਾਂ ਜੋ ਯਾਤਰੀ ਇਕੋ ਪਲੇਟ ਫਾਰਮ 'ਤੇ ਟਰੇਨ ਦੀ ਟਿਕਟ ਦੇ ਨਾਲ-ਨਾਲ ਟੈਕਸੀ ਸੇਵਾ ਵੀ ਆਸਾਨੀ ਨਾਲ ਬੁੱਕ ਕਰ ਸਕਣ |