ਫ਼ਿਰੋਜ਼ਪੁਰ, 10 ਮਾਰਚ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਦੇ ਆਰ.ਟੀ.ਓ ਦਫ਼ਤਰ ਵਿਚ ਆਮ ਲੋਕਾਂ ਅਤੇ ਖ਼ਾਸ ਕਰਕੇ ਡਰਾਈਵਰਾਂ ਨੂੰ ਆ ਰਹੀਆਂ ਮੁਸ਼ਕਲਾਂ ਨੇ ਪ੍ਰਸ਼ਾਸਨਿਕ ਪ੍ਰਬੰਧਾਂ 'ਤੇ ਸਵਾਲ ਖੜੇ ਕਰ ਦਿੱਤੇ ਹਨ | ਸਟਾਫ਼ ਦੀ ਘਾਟ, ਫਾਈਲਾਂ ਦੀ ਦੇਰੀ ਨਾਲ ਅਪਰੂਵਲ ਅਤੇ ਵਾਰ-ਵਾਰ ਨਵੇਂ ਸਰਟੀਫਿਕੇਟਾਂ ਦੀ ਮੰਗ ਕਾਰਨ ਲੋਕਾਂ ਨੂੰ ਆਪਣੇ ਛੋਟੇ-ਮੋਟੇ ਕੰਮਾਂ ਲਈ ਵੀ ਮਹੀਨਿਆਂ ਤੱਕ ਦਫ਼ਤਰ ਦੇ ਚੱਕਰ ਕੱਟਣੇ ਪੈ ਰਹੇ ਹਨ | ਦਫ਼ਤਰ ਵਿਚ ਹਰ ਰੋਜ਼ ਵੱਡੀ ਗਿਣਤੀ ਵਿਚ ਲੋਕ ਆਪਣੇ ਕੰਮਾਂ ਲਈ ਪਹੁੰਚਦੇ ਹਨ ਪਰ ਅਧਿਕਾਰੀਆਂ ਵਲੋਂ ਸਮੇਂ ਸਿਰ ਮਨਜ਼ੂਰੀ ਨਾ ਮਿਲਣ ਕਰਕੇ ਉਨ੍ਹਾਂ ਨੂੰ ਲੰਮੀਆਂ ਕਤਾਰਾਂ ਵਿਚ ਖੜ੍ਹਨਾ ਪੈਂਦਾ ਹੈ | ਲੋਕਾਂ ਦਾ ਕਹਿਣਾ ਹੈ ਕਿ ਇਕੋ ਕੰਮ ਲਈ ਉਨ੍ਹਾਂ ਨੂੰ ਕਈ ਵਾਰ ਦਫ਼ਤਰ ਆਉਣਾ ਪੈਂਦਾ ਹੈ | ਖ਼ਾਸ ਤੌਰ 'ਤੇ ਟਰੱਕ ਡਰਾਈਵਰਾਂ ਨੂੰ ਆਪਣੇ ਡਰਾਈਵਿੰਗ ਲਾਇਸੰਸ ਰੀਨਿਊ ਕਰਵਾਉਣ ਵਿਚ ਕਾਫ਼ੀ ਦਿੱਕਤਾਂ ਆ ਰਹੀਆਂ ਹਨ | ਡਰਾਈਵਰਾਂ ਦਾ ਦੋਸ਼ ਹੈ ਕਿ ਵਿਭਾਗ ਦੇ ਆਨਲਾਈਨ ਸਾਫਟਵੇਅਰ ਵਿਚ ਫਸਟ ਏਡ ਟਰੇਨਿੰਗ ਦੀ ਕੋਈ ਲਾਜ਼ਮੀ ਸ਼ਰਤ ਨਹੀਂ ਹੈ, ਫਿਰ ਵੀ ਉਨ੍ਹਾਂ ਨੂੰ ਫਸਟ ਏਡ ਟਰੇਨਿੰਗ ਦਾ ਸਰਟੀਫਿਕੇਟ ਲਿਆਉਣ ਲਈ ਕਿਹਾ ਜਾ ਰਿਹਾ ਹੈ | ਬਸਤੀ ਖ਼ਲੀਲ ਵਾਲੀ ਦੇ ਰਹਿਣ ਵਾਲੇ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਰੀਬ 8 ਮਹੀਨਿਆਂ ਤੋਂ ਆਪਣੇ ਡਰਾਈਵਿੰਗ ਲਾਇਸੰਸ ਨੂੰ ਰੀਨੀਊ ਕਰਵਾਉਣ ਲਈ ਦਫ਼ਤਰ ਦੇ ਚੱਕਰ ਕੱਟ ਰਿਹਾ ਹੈ | ਕਦੇ ਉਸ ਨੂੰ ਕੋਈ ਟਰੇਨਿੰਗ ਸਰਟੀਫਿਕੇਟ ਲਿਆਉਣ ਲਈ ਕਿਹਾ ਜਾਂਦਾ ਹੈ ਅਤੇ ਕਦੇ ਕੋਈ ਹੋਰ ਕਾਗ਼ਜ਼ੀ ਕਾਰਵਾਈ ਦੀ ਮੰਗ ਕਰ ਦਿੱਤੀ ਜਾਂਦੀ ਹੈ | ਉਸ ਨੇ ਦੱਸਿਆ ਕਿ ਉਹ ਆਪਣੀਆਂ ਦਿਹਾੜੀਆਂ ਛੱਡ ਕੇ ਮਾਹੂੰਆਣਾ ਤੋਂ ਦੋ ਵੱਖ-ਵੱਖ ਟਰੇਨਿੰਗ ਸਰਟੀਫਿਕੇਟ ਵੀ ਲੈ ਆਇਆ ਹੈ, ਪਰ ਹੁਣ ਉਸ ਨੂੰ ਫਸਟ ਏਡ ਟਰੇਨਿੰਗ ਕਰਵਾਉਣ ਲਈ ਕਿਹਾ ਜਾ ਰਿਹਾ ਹੈ | ਇਸੇ ਤਰ੍ਹਾਂ ਪਿੰਡ ਗੁੱਦੜ ਢੰਡੀ ਦੇ ਟਰੱਕ ਡਰਾਈਵਰ ਸੁਖਜਿੰਦਰ ਸਿੰਘ ਨੇ ਵੀ ਆਪਣੀ ਪ੍ਰੇਸ਼ਾਨੀ ਬਿਆਨ ਕਰਦਿਆਂ ਦੱਸਿਆ ਕਿ ਉਹ ਕਰੀਬ 20 ਸਾਲਾਂ ਤੋਂ ਟਰੱਕ ਚਲਾ ਰਿਹਾ ਹੈ ਅਤੇ ਮਹੀਨੇ ਦੇ ਕੇਵਲ 10 ਤੋਂ 12 ਹਜ਼ਾਰ ਰੁਪਏ ਕਮਾਉਂਦਾ ਹੈ | ਉਸ ਨੇ ਕਿਹਾ ਕਿ ਪਹਿਲਾਂ ਉਹ ਮਾਹੂੰਆਣਾ ਤੋਂ ਦੋ ਦਿਨ ਦੀ ਟਰੇਨਿੰਗ ਕਰਕੇ ਸਰਟੀਫਿਕੇਟ ਲੈ ਆਇਆ, ਫਿਰ ਇਕ ਦਿਨ ਦੀ ਹੋਰ ਟਰੇਨਿੰਗ ਸਰਟੀਫਿਕੇਟ ਲਿਆਉਣ ਲਈ ਕਿਹਾ ਗਿਆ ਪਰ ਹੁਣ ਉਸ ਨੂੰ ਰੈੱਡ ਕਰਾਸ ਦਫ਼ਤਰ ਤੋਂ ਫਸਟ ਏਡ ਟਰੇਨਿੰਗ ਲੈਣ ਲਈ ਕਿਹਾ ਜਾ ਰਿਹਾ ਹੈ | ਉੱਥੇ ਜਾਣ 'ਤੇ ਉਸ ਨੂੰ ਪਤਾ ਲੱਗਾ ਕਿ ਇਸ ਟਰੇਨਿੰਗ ਲਈ 8 ਦਿਨ ਦੀਆਂ ਕਲਾਸਾਂ ਲਗਾਉਣੀਆਂ ਪੈਣਗੀਆਂ | ਸੁਖਜਿੰਦਰ ਸਿੰਘ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਉਹ ਪਹਿਲਾਂ ਹੀ ਪੰਜ ਦਿਨ ਦੀ ਛੁੱਟੀ ਕਰਕੇ ਟਰੇਨਿੰਗ ਲੈ ਚੁੱਕਾ ਹੈ ਅਤੇ ਹੁਣ ਜੇਕਰ 8 ਦਿਨ ਹੋਰ ਛੁੱਟੀ ਕਰੇਗਾ ਤਾਂ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਜਾਵੇਗਾ | ਇਸ ਸਬੰਧੀ ਸਹਾਇਕ ਟਰਾਂਸਪੋਰਟ ਅਫ਼ਸਰ ਰਾਕੇਸ਼ ਬਾਂਸਲ ਦਾ ਕਹਿਣਾ ਹੈ ਕਿ ਮੁੱਖ ਦਫ਼ਤਰ ਤੋਂ ਮਿਲੀਆਂ ਹਦਾਇਤਾਂ ਅਨੁਸਾਰ ਹੀ ਦਸਤਾਵੇਜ਼ ਲਏ ਜਾ ਰਹੇ ਹਨ | ਹਾਲਾਂਕਿ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਵਿਭਾਗ ਦੇ ਆਨਲਾਈਨ ਸਾਫਟਵੇਅਰ ਵਿਚ ਫਸਟ ਏਡ ਟਰੇਨਿੰਗ ਦੀ ਕੋਈ ਮੰਗ ਨਹੀਂ ਹੈ ਤਾਂ ਉਨ੍ਹਾਂ ਨੇ ਇਸ ਬਾਰੇ ਸਪਸ਼ਟ ਜਵਾਬ ਨਹੀਂ ਦਿੱਤਾ | ਦੂਜੇ ਪਾਸੇ ਸਕੱਤਰ ਰਿਜਨਲ ਟਰਾਂਸਪੋਰਟ ਅਫ਼ਸਰ ਤੁਸ਼ਟੀ ਗੁਲ੍ਹਾਟੀ ਨੇ ਕਿਹਾ ਕਿ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਮਿਲੀ ਹੈ ਅਤੇ ਇਸ ਮਾਮਲੇ ਦਾ ਜਲਦ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ |