ਬਠਿੰਡਾ, 10 ਮਾਰਚ (ਪ੍ਰੀਤਪਾਲ ਸਿੰਘ ਰੋਮਾਣਾ)- ਈਰਾਨ ਅਤੇ ਇਜ਼ਰਾਇਲ ਵਿਚਕਾਰ ਚੱਲ ਰਹੀ ਜੰਗ ਦਾ ਅਸਰ ਹੁਣ ਭਾਰਤ 'ਤੇ ਵੀ ਭਾਰੀ ਪੈ ਸਕਦਾ ਹੈ | ਭਾਵੇਂ ਕਿ ਪੰਜਾਬ ਸਰਕਾਰ ਵਲੋਂ ਘਰਾਂ 'ਚ ਡੂਮੈਸਿਟਕ ਐਲਪੀਜੀ ਗੈਸ ਸਿਲੰਡਰ ਦੀ ਸਪਲਾਈ ਦੇਣ ਲਈ ਬੁਕਿੰਗ ਕਰਵਾਉਣ ਲਈ 21 ਦਿਨ ਦਾ ਸਮਾਂ ਤਹਿ ਕੀਤਾ ਗਿਆ ਹੈ | ਪਰ ਪਿਛਲੇ ਤਿੰਨ ਦਿਨਾਂ ਤੋਂ ਹੋਟਲਾਂ, ਰੈਸਟੋਰੈਂਟ ਅਤੇ ਢਾਬਾ ਸੰਚਾਲਕਾ ਨੂੰ ਕਮਰਸ਼ੀਅਲ ਸਿਲੰਡਰ ਦੀ ਸਪਲਾਈ ਨਾ ਮਿਲਣ ਕਾਰਨ ਉਨ੍ਹਾਂ ਵਿਚ ਹਾਹਾਕਾਰ ਮੱਚ ਗਈ ਹੈ | ਸ਼ਹਿਰ ਦੇ ਹੋਟਲਾਂ, ਰੈਸਟੋਰੈਂਟ ਅਤੇ ਢਾਬਾ ਸੰਚਾਲਕਾ ਅਨੁਸਾਰ ਅੱਜ ਮਹਿੰਗਾਈ ਦੇ ਦੌਰ 'ਚ ਪਹਿਲਾ ਹੀ ਉਨ੍ਹਾਂ ਨੂੰ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਰ ਹੁਣ ਪਿਛਲੇ ਤਿੰਨ ਦਿਨਾਂ ਤੋਂ ਉਨ੍ਹਾਂ ਨੂੰ ਕਮਰਸ਼ੀਅਲ ਸਿਲੰਡਰ ਨਾ ਮਿਲਣ ਕਾਰਨ ਭਾਰੀ ਔਕੜਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ | ਉਧਰ ਸਰਕਾਰ ਦੁਆਰਾ 21 ਦਿਨ ਦੀ ਸ਼ਰਤ ਨੂੰ ਦੇਖਦੇ ਹੋਏ ਸ਼ਹਿਰ ਦੇ ਲੋਕਾਂ ਨੇ ਵੀ ਸਰਕਾਰ ਨੂੰ ਕੋਸਣਾ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਮੌਕੇ ਬਠਿੰਡਾ ਢਾਬਾ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਘਰਾਂ ਵਿਚ ਡੂਮੈਸਿਟਕ ਐਲਪੀਜੀ ਗੈਸ ਦੀ ਸਪਲਾਈ ਦੇਣ ਲਈ 21 ਦਿਨਾਂ ਦਾ ਸਮਾਂ ਤਹਿ ਕੀਤਾ ਗਿਆ ਹੈ | ਪਰ ਹੁਣ ਪਿਛਲੇ ਤਿੰਨ ਦਿਨਾਂ ਤੋਂ ਹੋਟਲ, ਰੈਸਟੋਰੈਂਟ ਅਤੇ ਢਾਬਿਆਂ 'ਤੇ ਉਨ੍ਹਾਂ ਨੂੰ ਕਮਰਸ਼ੀਅਲ ਗੈਸ ਸਿਲੰਡਰ ਦੀ ਸਪਲਾਈ ਨਾ ਦੇ ਕੇ ਸਿਰਫ਼ ਹਸਪਤਾਲਾਂ ਨੂੰ ਹੀ ਸਪਲਾਈ ਦਿੱਤੀ ਜਾ ਰਹੀ ਹੈ | ਜਿਸ ਕਾਰਨ ਉਹ ਹੁਣ ਡੀਜ਼ਲ ਵਾਲੀਆਂ ਭੱਠੀਆਂ ਅਤੇ ਬਿਜਲੀ ਇੰਡੈਕਸ਼ਨ ਚਲਾਉਣ ਲਈ ਮਜਬੂਰ ਹੋਣਗੇ | ਉਨ੍ਹਾਂ ਕਿਹਾ ਕਿ ਗੈਸ ਸਿਲੰਡਰ ਦੀ ਸਪਲਾਈ ਨਾ ਆਉਣ ਕਾਰਨ ਉਨ੍ਹਾਂ ਦੇ ਕਾਰੋਬਾਰ ਠੰਢੇ ਪੈ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਨੇ ਜਲਦ ਹੀ ਗੈਸ ਦੀ ਸਪਲਾਈ ਨੂੰ ਚਾਲੂ ਨਾ ਕੀਤਾ ਗਿਆ ਤਾਂ ਡਿਪਟੀ ਕਮਿਸ਼ਨਰ ਨਾਲ ਗੱਲ ਕਰਕੇ ਜਲਦ ਹੀ ਇਸ ਸਮੱਸਿਆ ਸੰਬੰਧੀ ਜਾਣੂ ਕਰਵਾਉਣਗੇ |