ਫ਼ਿਰੋਜ਼ਪੁਰ, 27 ਮਾਰਚ (ਕੁਲਬੀਰ ਸਿੰਘ ਸੋਢੀ)-ਸਮਾਜਸੇਵੀ ਸੰਸਥਾ ਮਯੰਕ ਫਾਊਾਡੇਸ਼ਨ ਅਤੇ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ ਫ਼ਿਰੋਜ਼ਪੁਰ ਵਿਚ ਇਕ ਵਿਆਪਕ ਵਾਤਾਵਰਣ ਸਿੱਖਿਆ ਪ੍ਰੋਗਰਾਮ, ''ਦਿ ਗਰੀਨ ਕਾਰਨੀਵਲ'' ਦਾ ਆਯੋਜਨ ਕੀਤਾ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਪ੍ਰੋਗਰਾਮ ਦੇ ਹਿੱਸੇ ਵਜੋਂ ਵੱਖ-ਵੱਖ ਵਰਕਸ਼ਾਪਾਂ, ਮੁਕਾਬਲੇ ਅਤੇ ਪ੍ਰਦਰਸ਼ਨੀਆਂ ਆਯੋਜਿਤ ਕੀਤੀਆਂ ਜਾਣਗੀਆਂ | ਅਹੁਦੇਦਾਰਾਂ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ 1 ਅਪ੍ਰੈਲ ਨੂੰ ਫੁੱਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ 'ਤੇ ਵਰਕਸ਼ਾਪ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫ਼ਿਰੋਜ਼ਪੁਰ ਵਿਖੇ, 4 ਅਪ੍ਰੈਲ ਨੂੰ ਈਕੋ-ਫਿਲਮ ਫ਼ੈਸਟੀਵਲ ਅਤੇ ਮਾਸਟਰ ਕੁਇਜ਼ ਮੁਕਾਬਲਾ ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਿਖੇ ਅਤੇ 5 ਅਪ੍ਰੈਲ ਨੂੰ ਈਕੋ-ਫੈਸ਼ਨ ਸ਼ੋਅ, ਫੁੱਲ ਅਤੇ ਸਜਾਵਟੀ ਪੌਦਿਆਂ ਦਾ ਪ੍ਰਦਰਸ਼ਨ ਅਤੇ ਮੁਕਾਬਲੇ, ਕੁਦਰਤ ਫ਼ੋਟੋਗਰਾਫੀ ਪ੍ਰਦਰਸ਼ਨੀ ਅਤੇ ਈਕੋ ਪ੍ਰਦਰਸ਼ਨੀ ਅਤੇ ਪੇਂਟਿੰਗ ਮੁਕਾਬਲਾ ਗਾਂਧੀ ਗਾਰਡਨ, ਫ਼ਿਰੋਜ਼ਪੁਰ ਛਾਉਣੀ ਵਿਖੇ ਹੋਵੇਗਾ | ਆਗੂਆਂ ਨੇ ਦੱਸਿਆ ਕਿ ਸਮਾਪਤੀ ਦੌਰਾਨ 5 ਅਪ੍ਰੈਲ ਨੂੰ ਗਾਂਧੀ ਗਾਰਡਨ ਵਿਖੇ ਆਯੋਜਿਤ ਸਮਾਰੋਹ, ਵੱਖ-ਵੱਖ ਰਚਨਾਤਮਿਕ ਗਤੀਵਿਧੀਆਂ, ਪ੍ਰਦਰਸ਼ਨਾਂ ਅਤੇ ਮੁਕਾਬਲਿਆਂ ਰਾਹੀਂ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਫੈਲਾਇਆ ਜਾਵੇਗਾ ਅਤੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ 50,000 ਦੀ ਇਨਾਮੀ ਰਾਸ਼ੀ ਮਿਲੇਗੀ | ਸੰਸਥਾ ਨੇ ਵਿਦਿਆਰਥੀਆਂ, ਵਿੱਦਿਅਕ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਇਸ ਮੁਹਿੰਮ ਵਿਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਇਸ ਨੰੂ ਸਫਲ ਬਣਾਉਣ ਦੀ ਅਪੀਲ ਕੀਤੀ ਹੈ |