ਤਲਵੰਡੀ ਭਾਈ, 7 ਅਪ੍ਰੈਲ (ਰਵਿੰਦਰ ਸਿੰਘ ਬਜਾਜ)-ਖਾੜੀ ਦੇਸ਼ਾਂ ਵਿਚ ਚੱਲ ਰਹੀ ਜੰਗ ਕਾਰਨ ਦੇਸ਼ ਭਰ ਵਿਚ ਪਹਿਲਾਂ ਹੀ ਰਸੋਈ ਗੈੱਸ ਦੀ ਕਿੱਲਤ ਚੱਲ ਰਹੀ ਹੈ, ਜਿਸ ਨੂੰ ਦੂਰ ਕਰਨ ਲਈ ਕੇਂਦਰ ਸਰਕਾਰ ਵਲੋਂ ਘਰੇਲੂ ਗੈੱਸ ਸਿਲੰਡਰਾਂ ਦੀ ਪੂਰਤੀ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਰੇਹੜੀਆਂ ਅਤੇ ਹੋਟਲਾਂ ਵਾਲਿਆਂ ਲਈ ਕਮਰਸ਼ੀਅਲ ਸਿਲੰਡਰ ਜ਼ਰੂਰੀ ਕੀਤੇ ਗਏ ਹਨ ਪ੍ਰੰਤੂ ਕਈ ਵਪਾਰਕ ਅਦਾਰੇ ਸਰਕਾਰੀ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ, ਜਿਸ ਦੀ ਮਿਸਾਲ ਇਸ ਸਮੇਂ ਤਲਵੰਡੀ ਭਾਈ ਸ਼ਹਿਰ ਵਿਚ ਦੇਖਣ ਨੂੰ ਮਿਲ ਰਹੀ ਹੈ | ਸਥਾਨਕ ਸ਼ਹਿਰ ਅੰਦਰ ਗੈੱਸ ਏਜੰਸੀ ਵਲੋਂ ਐਲ.ਪੀ.ਜੀ ਘਰੇਲੂ ਗੈੱਸ ਸਿਲੰਡਰਾਂ ਦੀ ਬੁਕਿੰਗ ਬਾਅਦ ਚਾਹੇ ਕਈ ਦਿਨ ਦੇਰੀ ਨਾਲ ਘਰਾਂ 'ਚ ਪਹੁੰਚਣ ਪਰ ਸ਼ਹਿਰ ਦੇ ਹਰੇਕ ਪਾਸੇ ਖੜੀਆਂ ਫਾਸਟ ਫੂਡ ਵਾਲੀਆਂ ਰੇਹੜੀਆਂ ਤੇ ਕੁੱਝ ਦੁਕਾਨਾਂ ਉੱਪਰ ਸ਼ਰੇਆਮ ਆਪਣੇ ਕੁੱਝ ਕਰਿੰਦਿਆਂ ਰਾਹੀਂ ਘਰੇਲੂ ਗੈੱਸ ਸਿਲੰਡਰਾਂ ਦੀ ਸਪਲਾਈ ਵਪਾਰਕ ਅਦਾਰਿਆਂ 'ਤੇ ਮਹਿੰਗੇ ਭਾਅ 'ਤੇ ਕੀਤੀ ਜਾ ਰਹੀ ਹੈ | ਸਥਾਨਕ ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਤਲਵੰਡੀ ਭਾਈ ਏਰੀਏ ਦੇ ਜਿਸ ਮਰਜ਼ੀ ਪਾਸੇ ਚਲੇ ਜਾਓ ਫਾਸਟ ਫੂਡ ਵਾਲੀਆਂ ਰੇਹੜੀਆਂ, ਕੁੱਝ ਦੁਕਾਨਾਂ ਅਤੇ ਹੋਟਲਾਂ 'ਤੇ ਘਰੇਲੂ ਵਰਤੋਂ ਵਾਲੇ ਸਿਲੰਡਰ ਸ਼ਰੇਆਮ ਵਰਤੇ ਜਾ ਰਹੇ ਹਨ ਜਦਕਿ ਸ਼ਹਿਰ ਵਿਚ ਘਰੇਲੂ ਸਿਲੰਡਰਾਂ ਦੀ ਭਾਰੀ ਕਮੀ ਪਾਈ ਜਾ ਰਹੀ ਹੈ | ਕਈ ਖਪਤਕਾਰਾਂ ਦਾ ਕਹਿਣਾ ਹੈ ਕਿ ਜੋ ਸਿਲੰਡਰ ਆ ਰਹੇ ਹਨ, ਉਨ੍ਹਾਂ ਵਿਚੋਂ ਵੀ ਗੈੱਸ ਘੱਟ ਨਿਕਲ ਰਹੀ ਹੈ, ਜਿਸ ਨਾਲ ਉਨ੍ਹਾਂ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ | ਇਸ ਤੋਂ ਇਲਾਵਾ ਸਥਾਨਕ ਏਜੰਸੀ ਦੇ ਹੀ ਕੁੱਝ ਕਰਿੰਦੇ ਜੋ ਕਿਸੇ ਹੋਰ ਦੀ ਬੁਕਿੰਗ ਵਾਲਾ ਸਿਲੰਡਰ ਅੱਗੇ ਬਲੈਕ ਵਿਚ 1500 ਤੋਂ 2000 ਰੁਪਏ ਦੀ ਕੀਮਤ 'ਤੇ ਵੇਚ ਰਹੇ ਹਨ, ਜਦਕਿ ਅਸਲ ਖਪਤਕਾਰਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ | ਜਿਸ ਵੱਲ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਜਾ ਰਿਹਾ | ਇੱਥੇ ਜ਼ਿਕਰਯੋਗ ਹੈ ਕਿ ਸ਼ਹਿਰ ਵਿਚ ਸਥਿਤ ਇੱਕੋ-ਇੱਕ ਏਜੰਸੀ ਵਲੋਂ ਸ਼ਹਿਰ ਦੇ ਹੀ ਕੁੱਝ ਦੋ-ਚਾਰ ਦੁਕਾਨਦਾਰਾਂ ਦੀ ਮਦਦ ਨਾਲ ਇਹ ਕਾਲਾ ਕਾਰੋਬਾਰ ਚੱਲ ਰਿਹਾ ਹੈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਆਨਲਾਈਨ ਬੁਕਿੰਗ ਕਰਾਉਣ ਤੋਂ ਬਾਅਦ ਵੀ ਕਈ-ਕਈ ਦਿਨ ਸਿਲੰਡਰ ਨਹੀਂ ਮਿਲਦਾ, ਪਰ ਮਹਿੰਗੇ ਭਾਅ 'ਤੇ ਸ਼ਹਿਰ ਤੇ ਇਕਦਮ ਟਿਕਾਣਿਆਂ 'ਤੇ ਸ਼ਰੇਆਮ ਸਿਲੰਡਰ ਮਿਲ ਜਾਂਦਾ ਹੈ, ਜਿਸ ਦੀ ਉਦਾਹਰਨ ਸ਼ਹਿਰ ਦੀ ਮੇਨ ਮੰਦਰ ਵਾਲੀ ਗਲੀਆਂ ਵਾਲੀ ਕਾਲੋਨੀ ਵਿਚ ਜਿੱਥੇ ਕਿ ਕਿਸੇ ਵੀ ਘਰ ਨੂੰ ਇੱਕ ਤੋਂ ਵੱਧ ਸਿਲੰਡਰ ਨਹੀਂ ਦਿੱਤਾ ਜਾ ਸਕਦਾ, ਉੱਥੇ ਸ਼ਰੇਆਮ ਇਸੇ ਕਾਲੋਨੀ ਵਿਚ ਰਾਤ ਬਰਾਤੇ 15-20 ਸਿਲੰਡਰ ਇਕੱਠੇ ਬਲੈਕ ਵਿਚ ਵੇਚਣ ਲਈ ਉਤਾਰੇ ਜਾਂਦੇ ਹਨ ਅਤੇ ਆਸ-ਪਾਸ ਦੇ ਲੋਕਾਂ ਦੀ ਜਾਨ ਜੋਖ਼ਮ ਵਿਚ ਪਾਈ ਜਾ ਰਹੀ ਹੈ | ਇਹ ਸਿਲੰਡਰ ਪਤਾ ਨਹੀਂ ਕਿਹੜੇ ਕਾਰਡ ਧਾਰਕਾਂ ਦੇ ਨਾਮ 'ਤੇ ਪਾ ਕੇ ਦਿੱਤੇ ਜਾ ਰਹੇ ਹਨ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਇੱਕ ਤੋਂ ਲੈ ਕੇ ਚਾਰ ਨੰਬਰ ਗਲੀਆਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਸਥਾਨਕ ਏਜੰਸੀ ਦੀ ਗੱਡੀ ਹੀ ਸ਼ਰੇਆਮ ਰਾਤ ਬਰਾਤੇ ਭਾਰੀ ਗਿਣਤੀ 'ਚ ਭਰੇ ਸਿਲੰਡਰ ਉਤਾਰ ਕੇ ਜਾਂਦੀ ਹੈ ਅਤੇ ਸਾਡੇ ਏਰੀਏ ਨੂੰ ਬਰੂਦ ਦੇ ਢੇਰ 'ਤੇ ਬਿਠਾਇਆ ਹੋਇਆ ਹੈ, ਜਿਸ ਵੱਲ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਜਾ ਰਿਹਾ | ਸਥਾਨਕ ਲੋਕਾਂ ਨੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਤੋਂ ਮੰਗ ਕੀਤੀ ਕਿ ਸ਼ਹਿਰ ਅੰਦਰ ਘਰੇਲੂ ਸਿਲੰਡਰਾਂ ਦੇ ਚੱਲ ਰਹੇ ਕਾਲੇ ਬਾਜ਼ਾਰ ਨੂੰ ਪੂਰੀ ਤਰ੍ਹਾਂ ਨਾਲ ਨੱਥ ਪਾਈ ਜਾਵੇ ਅਤੇ ਇਸ ਇਲਾਕੇ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਿਆ ਜਾਵੇ ਨਹੀਂ ਤਾਂ ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ | ਇਸ ਸਬੰਧੀ ਜਦੋਂ ਏ. ਐੱਫ. ਐੱਸ. ਓ. ਸੰਜੀਵ ਭਾਟੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ 2-4 ਦਿਨ ਬਾਹਰ ਸੀ, ਜਲਦ ਹੀ ਕਾਰਵਾਈ ਕਰਾਂਗੇ |