ਫਿਰੋਜ਼ਪੁਰ, 10 ਅਪ੍ਰੈਲ(ਰਾਕੇਸ਼ ਚਾਵਲਾ)-ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਗਸ਼ਤ ਅਤੇ ਚੈਕਿੰਗ ਦੌਰਾਨ 3 ਵਿਅਕਤੀਆਂ ਨੂੰ 4 ਗ੍ਰਾਮ ਹੈਰੋਇਨ ਸਣੇ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਦੇ ਏ.ਐੱਸ.ਆਈ. ਸ਼ਰਮਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਧੋਬੀ ਘਾਟ ਚੌਂਕ ਫਿਰੋਜ਼ਪੁਰ ਕੈਂਟ ਮੌਜੂਦ ਸੀ ਤਾਂ ਇਸ ਦੌਰਾਨ ਖਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਲਵਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਜਲਾਲੇਆਣਾ ਰੋਡ ਕੋਟਕਪੂਰਾ, ਦਲਵੀਰ ਸਿੰਘ ਪੁੱਤਰ ਰਾਮ ਮੂਰਤੀ ਵਾਸੀ ਧੰਨਾ ਬਸਤੀ ਕੋਟਕਪੂਰਾ ਅਤੇ ਜਸਵੰਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਗਾਂਧੀ ਬਸਤੀ ਕੋਟਕਪੂਰਾ ਜੋ ਹੈਰੋਇਨ ਵੇਚਣ ਦੇ ਆਦੀ ਹਨ ਤੇ ਅੱਜ ਵੀ ਫਿਰੋਜ਼ਪੁਰ ਦੇ ਯਤੀਮਖ਼ਾਨਾ ਦੀ ਬੈਕ ਸਾਈਡ ਜੋ ਕੱਚਾ ਰਸਤਾ ਲਾਲ ਕੋਠੀ ਝਾੜੀਆਂ ਪਾਸ ਹੈਰੋਇਨ ਵੇਚਣ ਲਈ ਗਾਹਕਾਂ ਦਾ ਇੰਤਜ਼ਾਰ ਕਰ ਰਹੇ ਹਨ | ਪੁਲਿਸ ਨੇ ਦੱਸਿਆ ਕਿ ਉਨ੍ਹਾਂ 'ਤੇ ਰੇਡ ਕੀਤੀ ਤਾਂ ਲਵਪ੍ਰੀਤ ਸਿੰਘ, ਦਲਵੀਰ ਸਿੰਘ ਅਤੇ ਜਸਵੰਤ ਸਿੰਘ ਨੂੰ 4 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ | ਪੁਲਿਸ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |