ਜ਼ੀਰਾ, 13 ਅਪ੍ਰੈਲ(ਰਜਨੀਸ਼ ਕਥੂਰੀਆ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਟੀਮ ਸੁਖਦੇਵ ਸਿੰਘ ਸਨੇਰ ਬਲਾਕ ਪ੍ਰਧਾਨ ਜ਼ੀਰਾ ਦੀ ਅਗਵਾਈ ਹੇਠ ਲਗਾਤਾਰ ਲੋਕ ਪੱਖੀ ਕਾਰਜਾਂ ਲਈ ਸੰਘਰਸ਼ਸ਼ੀਲ ਰਹੀ ਹੈ | ਪਿਛਲੇ ਅਰਸੇ ਦੌਰਾਨ ਜਥੇਬੰਦੀ ਨੇ ਵੱਖ-ਵੱਖ ਖੇਤਰਾਂ ਵਿਚ ਲੋਕ ਭਲਾਈ ਦੇ ਕੰਮ ਕਰਕੇ ਚੰਗਾ ਨਾਮਣਾ ਖੱਟਿਆ ਹੈ | ਇਹਨਾਂ ਲੋਕ ਪੱਖੀ ਕਾਰਜਾਂ ਕਰਕੇ ਭਾਰਤ ਦੀ ਪ੍ਰਸਿੱਧ ਸੰਸਥਾ ਪਿੰਗਲਵਾੜਾ ਭਗਤ ਪੂਰਨ ਸਿੰਘ ਵਲੋਂ ਜਥੇਬੰਦੀ ਨੂੰ ਵਿਸ਼ੇਸ਼ ਤੌਰ 'ਤੇ ਸ੍ਰੀ ਅੰਮਿ੍ਤਸਰ ਬੁਲਾਇਆ ਗਿਆ | ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਕਾਰਜਕਾਰੀ ਮੈਂਬਰ ਪੰਜਾਬ, ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਹਰਪ੍ਰੀਤ ਸਿੰਘ ਲੌਂਗੋਦੇਵਾ ਜ਼ਿਲ੍ਹਾ ਮੀਤ ਜਰਨਲ ਸਕੱਤਰ, ਸੁਖਪਾਲ ਸਿੰਘ ਰਾਣਾ, ਮੁਖ਼ਤਿਆਰ ਸਿੰਘ ਸਨੇਰ ਅਤੇ ਪੰਜਾਬੀ ਦੇ ਪ੍ਰਸਿੱਧ ਲੇਖਕ ਗੁਰਚਰਨ ਸਿੰਘ ਨੂਰਪੁਰ ਇਸ ਸੱਦੇ ਦੇ ਤਹਿਤ ਪਿੰਗਲਵਾੜਾ ਸੰਸਥਾ ਪਹੁੰਚੇ | ਯੂਨੀਅਨ ਦੀ ਟੀਮ ਨੇ ਪਿੰਗਲਵਾੜਾ ਸੰਸਥਾ ਨੂੰ ਕੁਝ ਕੱਪੜੇ ਅਤੇ ਆਪਣੇ ਵਲੋਂ ਕੁਝ ਸੇਵਾ ਭੇਟ ਕੀਤੀ | ਪਿੰਗਲਵਾੜਾ ਸੰਸਥਾ ਦੀ ਮੁੱਖ ਸੇਵਾਦਾਰ ਬੀਬੀ ਡਾ.ਇੰਦਰਜੀਤ ਕੌਰ ਨਾਲ ਪੰਜਾਬ ਅਤੇ ਪੰਜਾਬੀ ਸਮਾਜ ਦੇ ਭਖਦੇ ਮਸਲੇ ਖਾਸ ਕਰਕੇ ਵਾਤਾਵਰਨ ਸਬੰਧੀ ਵਿਚਾਰਾਂ ਹੋਈਆਂ | ਜਥੇਬੰਦੀ ਵਲੋਂ ਪਿੰਗਲਵਾੜਾ ਸੰਸਥਾ ਦੇ ਕੁਦਰਤੀ ਖੇਤੀ ਮਾਡਲ ਦਾ ਵੀ ਦੌਰਾ ਕੀਤਾ ਗਿਆ | ਇਸ ਦੌਰਾਨ ਬੀਬੀ ਡਾ. ਇੰਦਰਜੀਤ ਕੌਰ ਵੱਲੋਂ ਯੂਨੀਅਨ ਦੀ ਟੀਮ ਨੂੰ ਭਗਤ ਪੂਰਨ ਸਿੰਘ ਦੀ ਕਿਰਤ ਦਾ ਸੁਨੇਹਾ ਦਿੰਦੀ ਇਕ ਤਸਵੀਰ, ਸਿਰੋਪਾ ਅਤੇ ਕੁਝ ਕਿਤਾਬਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਪਿੰਗਲਵਾੜਾ ਸੰਸਥਾ ਅਤੇ ਡਾਕਟਰ ਬੀਬੀ ਇੰਦਰਜੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸੇਵਾ ਭਾਵਨਾ ਦੇ ਖੇਤਰ ਵਿਚ ਨਾਮਣਾ ਖੱਟਣ ਵਾਲੀ ਭਾਰਤ ਦੀ ਇਸ ਸੰਸਥਾ ਵਲੋਂ ਮਾਣ ਦਿੱਤੇ ਜਾਣਾ ਉਹਨਾਂ ਲਈ ਬਹੁਤ ਵੱਡੀ ਗੱਲ ਹੈ ਇਸ ਲਈ ਉਹ ਹਮੇਸ਼ਾ ਸੰਸਥਾ ਦੇ ਰਿਣੀ ਰਹਿਣਗੇ |