ਮਮਦੋਟ, 17 ਅਪ੍ਰੈਲ (ਰਾਜਿੰਦਰ ਸਿੰਘ)-ਕਸਬਾ ਮਮਦੋਟ ਤੋਂ ਫਿਰੋਜਪੁਰ-ਫਾਜਿਲਕਾ ਮਾਰਗ ਖਾਈ ਟੀ-ਪੁਆਇੰਟ ਤਕ ਮੁਰੰਮਤ ਹੋ ਰਹੀ ਸੜਕ ਆਪਣੇ ਸ਼ੁਰੂਆਤੀ ਦੌਰ ਵਿਚ ਹੀ ਵਿਵਾਦਾਂ ਵਿਚ ਘਿਰ ਗਈ ਹੈ | ਕਸਬਾ ਮਮਦੋਟ ਦੇ ਏਰੀਏ ਵਿਚ ਜਿੱਥੇ ਸੀਵਰੇਜ ਪਾਉਣ ਲਈ ਇਹ ਸੜਕ ਪੁੱਟੀ ਗਈ ਸੀ | ਉੱਥੇ ਪੱਥਰ ਪਾਉਣ ਤੋਂ ਬਾਅਦ ਬਿਨਾਂ ਚੰਗੀ ਤਰ੍ਹਾਂ ਸਫ਼ਾਈ ਕੀਤੇ ਕਈ ਥਾਵਾਂ ਤੇ ਮਿੱਟੀ ਦੇ ਉੱਪਰ ਹੀ ਠੇਕੇਦਾਰ ਵੱਲੋਂ ਲੁੱਕ-ਬਜ਼ਰੀ ਦਾ ਮਿਸ਼ਰਨ(ਪ੍ਰੀਮਿਕਸ)ਪਾ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਕਸਬੇ ਦੇ ਇਲਾਕੇ ਵਿਚ ਇਹ ਸੜਕ 23 ਫੁੱਟ ਚੌੜੀ ਬਣਨੀ ਸੀ | ਪਰੰਤੂ ਅੱਜ ਨਗਰ ਕੌਂਸਲ ਦੇ ਪ੍ਰਧਾਨ, ਕੌਂਸਲਰਾਂ,ਚੇਅਰਮੈਨ ਮਾਰਕੀਟ ਕਮੇਟੀ ਅਤੇ ਇਲਾਕੇ ਦੇ ਹੋਰ ਮੋਹਤਬਾਰਾਂ ਵੱਲੋਂ ਸੜਕੀ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਕੀਤੀ ਗਈ ਮਿਣਤੀ ਦੌਰਾਨ ਸੜਕ ਦਾ ਆਕਾਰ ਕਈ ਥਾਵਾਂ ਤੋ 21 ਫੁੱਟ ਅਤੇ ਕਿਤੇ 22 ਫੁੱਟ ਪਾਇਆ ਗਿਆ | ਇਸਦੇ ਨਾਲ ਹੀ ਠੇਕੇਦਾਰ ਵੱਲੋਂ ਐਨੇ ਬੇਢੰਗੇ ਅਤੇ ਬੇਤਰਤੀਬੇ ਢੰਗ ਨਾਲ ਸੜਕ ਬਣਾਈ ਗਈ ਹੈ ਕਿ ਸੜਕ ਵਿਚ ਕਈ ਸੱਪ ਵਲ ਪਾ ਦਿੱਤੇ ਗਏ ਹਨ,ਕਿਤੋਂ ਸੜਕ ਕਿਧਰ ਨੂੰ ਜਾਂਦੀ ਹੈ ਅਤੇ ਕਿਤੋਂ ਕਿਧਰ ਨੂੰ | ਇਲਾਕੇ ਦੇ ਮੋਹਤਬਾਰਾਂ ਦਾ ਦੋਸ਼ ਹੈ ਕਿ ਸੜਕ ਮੁਰੰਮਤ ਕਰਨ ਲਈ ਬੜੇ ਘਟੀਆ ਮੈਟੀਰੀਅਲ ਅਤੇ ਘੱਟ ਮਾਤਰਾ ਵਿਚ ਲੁੱਕ ਦੀ ਵਰਤੋ ਕੀਤੀ ਜਾ ਰਹੀ ਹੈ,ਜਿਸ ਨਾਲ ਇਸ ਸੜਕ ਨੇ ਇਕ ਚੰਗੇ ਮੀਂਹ ਦੀ ਮਾਰ ਵੀ ਨਹੀਂ ਸਹਿਣੀ | ਮੁਰੰਮਤ ਹੋ ਰਹੀ ਸੜਕ ਦਾ ਮੁਆਇਨਾ ਅਤੇ ਮਿਣਤੀ ਕਰਨ ਲਈ ਪਹੁੰਚੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਸਮੇਤ ਹੋਰ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਦੇ ਕੇ ਇਲਾਕਾ ਨਿਵਾਸੀਆਂ ਵੱਲੋਂ ਸੜਕ ਦਾ ਆਕਾਰ ਪੂਰਾ ਕਰਵਾਉਣ,ਸੜਕ ਦੀ ਮੁਰੰਮਤ ਲਈ ਪੂਰੀ ਮਾਤਰਾ ਵਿਚ ਚੰਗੇ ਮੈਟੀਰੀਅਲ ਦੀ ਵਰਤੋਂ ਅਤੇ ਘਪਲੇਬਾਜ਼ੀ ਕਰਨ ਵਾਲੇ ਠੇਕੇਦਾਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ |