ਪੰਜੇ ਕੇ ਉਤਾੜ, 17 ਅਪੈ੍ਰਲ (ਪੱਪੂ ਸੰਧਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜੇ ਕੇ ਉਤਾੜ (ਫ਼ਿਰੋਜ਼ਪੁਰ) ਵਿਖੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਇੱਕ ਨਵੇਂ ਬਣੇ ਆਧੁਨਿਕ ਕਲਾਸ ਰੂਮ, ਫਿਜ਼ਿਕਸ ਲੈਬ, ਕੈਮਿਸਟਰੀ ਲੈਬ ਅਤੇ ਬਾਇਉਲੋਜੀ ਲੈਬ ਦਾ ਉਦਘਾਟਨ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਹਲਕਾ ਗੁਰੂਹਰਸਹਾਏ ਫ਼ੌਜਾਂ ਸਿੰਘ ਸਰਾਰੀ ਵਲੋਂ ਕੀਤਾ ਗਿਆ | ਇਸ ਉਦਘਾਟਨ ਤੋਂ ਪਹਿਲਾਂ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ | ਇਸ ਮੌਕੇ ਫ਼ੌਜਾਂ ਸਿੰਘ ਸਰਾਰੀ ਨੇ ਦੱਸਿਆ ਕਿ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਾਰੇ ਸਕੂਲਾਂ ਵਿਚ ਵੱਧ ਤੋਂ ਵੱਧ ਵਿਕਾਸ ਕਾਰਜ ਕੀਤੇ ਗਏ ਹਨ | ਜਿਸ ਨਾਲ ਸਕੂਲਾਂ ਦੀ ਨੁਹਾਰ ਬਦਲੀ ਹੈ ਅਤੇ ਸਰਕਾਰੀ ਸਕੂਲਾਂ ਦੇ ਨਤੀਜੇ ਪ੍ਰਾਈਵੇਟ ਸਕੂਲਾਂ ਤੋਂ ਬਿਹਤਰੀਨ ਆਉਣ ਲੱਗੇ ਹਨ | ਉਨਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜੇ ਕੇ ਉਤਾੜ ਦੀਆਂ ਸਾਇੰਸ ਸਟਰੀਮ ਦੀਆਂ ਤਿੰਨ ਨਵੀਆਂ ਲੈਬਜ਼ ਅਤੇ ਇਕ ਕਲਾਸ ਰੂਮ ਦਾ ਅੱਜ ਉਦਘਾਟਨ ਕੀਤਾ ਗਿਆ ਹੈ | ਜਿਸ ਨਾਲ ਸਾਇੰਸ ਵਿਸ਼ੇ ਦੀ ਪੜ੍ਹਾਈ ਹੋਰ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਹੋਵੇਗੀ ਅਤੇ ਸਾਇੰਸ ਵਿਸ਼ਾ ਪੜਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਵੀ ਵਾਧਾ ਹੋਵੇਗਾ | ਉਨਾਂ ਨੇ ਮਾਤਾ-ਪਿਤਾ ਅਤੇ ਇਲਾਕਾ ਨਿਵਾਸੀਆਂ ਨੂੰ ਸਹਿਯੋਗ ਦੇਣ ਲਈ ਧੰਨਵਾਦ ਕੀਤਾ | ਇਸ ਮੌਕੇ ਐੱਸ.ਐਮ.ਸੀ ਕਮੇਟੀ ਦੇ ਮੈਂਬਰ, ਸਕੂਲ ਸਟਾਫ਼, ਪਿੰਡ ਦੇ ਪਤਵੰਤੇ ਸੱਜਣ ਅਤੇ ਬੱਚਿਆਂ ਦੇ ਮਾਤਾ-ਪਿਤਾ ਹਾਜ਼ਰ ਸਨ |