ਗੁਰੂਹਰਸਹਾਏ, 18 ਅਪ੍ਰੈਲ(ਕਪਿਲ ਕੰਧਾਰੀ)-ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਕਈ ਮਹੱਤਵਪੂਰਨ ਕਦਮ ਚੁੱਕੇ ਜਾ ਰਹੇ ਹਨ ਅਤੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਵੀ ਵੱਧ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ | ਇਸ ਹੀ ਮੁਹਿੰਮ ਦੇ ਤਹਿਤ ਸ਼ਹਿਰ ਦੇ ਨਾਲ ਲੱਗਦੇ ਪਿੰਡ ਸੋਹਨਗੜ੍ਹ ਵਿਖੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਅਤੇ ਹਲਕਾ ਗੁਰੂਹਰਸਹਾਏ ਦੇ ਵਿਧਾਇਕ ਫ਼ੌਜਾ ਸਿੰਘ ਸਰਾਰੀ ਵਲੋਂ ਸਕੂਲ ਅੰਦਰ ਨਵੀਂ ਬਣੀ ਐਨ.ਐਸ.ਕਿਉਂ.ਐੱਫ ਲੈਬ ਦਾ ਉਦਘਾਟਨ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪਿ੍ੰਸੀਪਲ ਜਨਕ ਰਾਜ ਚੋਪੜਾ ਨੇ ਦੱਸਿਆ ਕਿ ਅੱਜ ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਤੇ ਹਲਕੇ ਦੇ ਵਿਧਾਇਕ ਫ਼ੌਜਾਂ ਸਿੰਘ ਸਰਾਰੀ ਵਲੋਂ ਉਨ੍ਹਾਂ ਦੇ ਸਕੂਲ ਅੰਦਰ ਬਣੀ ਨਵੀਂ ਐਨਐਸ ਕਿਊ.ਐਫ ਲੈਬ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਚੰਨ ਸਿੰਘ ਸੈਦੋ ਕੇ ,ਸਤਨਾਮ ਚਾਂਦੀ ਵਾਲਾ, ਰਾਮ ਪਾਲ ਆਜ਼ਾਦ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਗੁਰਮੀਤ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਸ਼ਮੀਰ ਸਿੰਘ ਪੀ.ਐਸ.ਓ ਫ਼ੌਜਾਂ ਸਿੰਘ ਸਰਾਰੀ, ਜ਼ਿਲ੍ਹਾ ਸਿੱਖਿਆ ਦਫ਼ਤਰ ਫ਼ਿਰੋਜ਼ਪੁਰ ਤੋਂ ਡਿਪਟੀ ਡੀ.ਈ.ਓ ਕਮਲ ਅਰੋੜਾ, ਪਵਨ ਮਦਾਨ ਐਮ.ਆਈ.ਐਸ ਵਿੰਗ ਆਦੀ ਹਾਜ਼ਰ ਸਨ | ਉਨ੍ਹਾਂ ਦੀ ਆਮਦ ਮੌਕੇ ਸਕੂਲ ਪ੍ਰਬੰਧਕਾਂ ਅਤੇ ਸਟਾਫ਼ ਵਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਇਸ ਮੌਕੇ ਸਕੂਲ ਵਿਚ ਇੱਕ ਸਾਦਾ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਵਿਦਿਆਰਥੀਆਂ, ਅਧਿਆਪਕਾਂ ਅਤੇ ਇਲਾਕੇ ਦੇ ਗਣਮਾਨਯ ਵਿਅਕਤੀਆਂ ਨੇ ਭਾਗ ਲਿਆ | ਵਿਧਾਇਕ ਸਰਾਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਖੇਤਰ ਵਿਚ ਵੱਡੇ ਪੱਧਰ 'ਤੇ ਸੁਧਾਰ ਲਿਆ ਰਹੀ ਹੈ ਅਤੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕੀ ਸਿੱਖਿਆ ਦੇਣ ਲਈ ਇਸ ਤਰ੍ਹਾਂ ਦੀਆਂ ਲੈਬਾਂ ਬਹੁਤ ਲਾਭਦਾਇਕ ਸਾਬਤ ਹੋਣਗੀਆਂ | ਉਨ੍ਹਾਂ ਨੇ ਸਕੂਲ ਦੇ ਵਿਕਾਸ ਲਈ ਹੋਰ ਵੀ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ |