ਫ਼ਿਰੋਜ਼ਪੁਰ, 18 ਅਪ੍ਰੈਲ (ਗੁਰਿੰਦਰ ਸਿੰਘ)-ਨਜ਼ਦੀਕੀ ਪਿੰਡ ਬਜੀਦਪੁਰ ਵਿਖੇ ਸਥਿਤ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਦੀ ਹੋਣਹਾਰ ਹਾਕੀ ਖਿਡਾਰਨ ਰਸ਼ਮੀਨ ਕੌਰ ਹਾਂਡਾ ਨੇ ਆਪਣੀ ਸ਼ਾਨਦਾਰ ਪ੍ਰਦਰਸ਼ਨ ਨਾਲ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਉਸ ਦੀ ਚੋਣ ਜਪਾਨ ਵਿਚ ਹੋਣ ਵਾਲੇ ਜੂਨੀਅਰ ਏਸ਼ੀਆ ਕੱਪ ਲਈ ਭਾਰਤੀ ਹਾਕੀ ਟੀਮ ਦੇ ਕੈਂਪ ਵਿਚ ਹੋਈ ਹੈ, ਜੋ ਕਿ ਉਸ ਦੀ ਲਗਨ ਅਤੇ ਮਿਹਨਤ ਦਾ ਸਬੂਤ ਹੈ | ਰਸ਼ਮੀਨ ਕੌਰ ਹਾਂਡਾ ਨੇ ਡੀ.ਪੀ.ਈ. ਤੇਜਬੀਰ ਸਿੰਘ ਦੀ ਯੋਗ ਅਗਵਾਈ ਹੇਠ ਆਪਣੀ ਕਾਬਲੀਅਤ ਨੂੰ ਨਿਖਾਰਦੇ ਹੋਏ | ਇਹ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ | ਉਸ ਦੀ ਲਗਾਤਾਰ ਮਿਹਨਤ, ਅਨੁਸ਼ਾਸਨ ਅਤੇ ਖੇਡ ਪ੍ਰਤੀ ਜਜ਼ਬੇ ਨੇ ਉਸ ਨੰੂ ਇਸ ਮੰਜ਼ਿਲ ਤੱਕ ਪਹੁੰਚਾਇਆ ਹੈ | ਇਸ ਉਪਲਬਧੀ ਨਾਲ ਸਕੂਲ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਸਕੂਲ ਪ੍ਰਬੰਧਕ ਕਮੇਟੀ, ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਰਸ਼ਮੀਨ ਨੂੰ ਵਧਾਈ ਦਿੱਤੀ ਗਈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਅਤੇ ਸਟਾਫ਼ ਨੇ ਉਸ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਰਸ਼ਮੀਨ ਦੀ ਇਹ ਸਫਲਤਾ ਹੋਰ ਵਿਦਿਆਰਥੀਆਂ ਲਈ ਪੇ੍ਰਰਨਾ ਸਰੂਪ ਸਾਬਤ ਹੋਵੇਗੀ | ਉਨ੍ਹਾਂ ਇਹ ਵੀ ਕਿਹਾ ਕਿ ਸਕੂਲ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਂਦੇ ਹਨ, ਤਾਂ ਜੋ ਵਿਦਿਆਰਥੀ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿਚ ਵੀ ਨਵੀਆਂ ਉਚਾਈਆਂ ਹਾਸਲ ਕਰ ਸਕਣ |