ਮੰਡੀ ਲਾਧੂਕਾ, 19 ਅਪ੍ਰੈਲ (ਰਾਕੇਸ਼ ਛਾਬੜਾ)-ਪਿੰਡ ਲਾਧੂਕਾ ਦੇ ਵਿਚ ਕਣਕ ਦੀ ਖੜੀ ਫ਼ਸਲ ਨੂੰ ਅਣਪਛਾਤੇ ਵਿਅਕਤੀ ਵਲੋਂ ਅੱਗ ਲਗਾ ਕੇ ਸਾੜਨ ਦਾ ਮਾਮਲੇ ਸਾਹਮਣੇ ਆਇਆ ਹੈ | ਇਸ ਪਿੰਡ ਦੇ ਕਿਸਾਨ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਦੇ ਵਿਚ ਉਸ ਦੀ ਸਵਾ 6 ਕਿਲ੍ਹੇ ਜ਼ਮੀਨ ਹੈ ਜਿਸ ਵਿਚ ਕਣਕ ਦੀ ਕਾਸ਼ਤ ਕੀਤੀ ਹੋਈ ਸੀ | 16 ਅਪ੍ਰੈਲ ਦੀ ਰਾਤ ਨੂੰ ਉਸ ਦੇ ਖੇਤ ਦੇ ਗੁਆਂਢੀ ਰਜਿੰਦਰ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ ਪਿੰਡ ਨੁਰਸਮੰਦ ਨੇ ਰਾਤ ਦੇ ਤਕਰੀਬਨ ਸਵਾ ਇਕ ਵਜੇ ਤੋਂ ਬਾਅਦ ਫ਼ੋਨ ਕਰਕੇ ਦੱਸਿਆ ਕਿ ਤੁਹਾਡੇ ਖੇਤ ਵਿਚ ਕਣਕ ਨੂੰ ਅੱਗ ਲੱਗੀ ਹੋਈ ਹੈ | ਇਸ ਤੋਂ ਬਾਅਦ ਉਹ ਆਪਣੇ ਖੇਤ ਵਿਚ ਪਹੁੰਚਿਆ ਤਾਂ ਬਹੁਤ ਸਾਰੇ ਕਿਸਾਨ ਆਪਣੇ ਟਰੈਕਟਰਾਂ ਦੇ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਮੰਡੀ ਦੀ ਪੁਲਿਸ ਚੌਕੀ ਦੀ ਪੈਟਰੋਿਲੰਗ ਟੀਮ ਵੀ ਮੌਕੇ 'ਤੇ ਪਹੁੰਚੀ ਹੋਈ ਸੀ, ਜਿੰਨਾ ਵਲੋਂ ਫਾਇਰ ਬਿ੍ਗੇਡ ਫ਼ਾਜ਼ਿਲਕਾ ਨੂੰ ਵੀ ਸੂਚਿਤ ਕੀਤਾ ਗਿਆ ਪਰ ਫਾਇਰ ਬਿ੍ਗੇਡ ਦੀ ਟੀਮ ਦੇ ਪਹੁੰਚਣ ਤੋਂ ਪਹਿਲਾਂ ਕਣਕ ਨੂੰ ਲੱਗੀ ਅੱਗ 'ਤੇ ਕਾਬੂ ਪਾਇਆ ਜਾ ਚੁੱਕਿਆ ਸੀ | ਮੌਕੇ 'ਤੇ ਹਾਜ਼ਰ ਪਿੰਡ ਲਾਧੂਕਾ ਦੇ ਕਿਸਾਨ ਬਲਦੇਵ ਰਾਜ ਨੇ ਦੱਸਿਆ ਹੈ ਕਿ ਉਹ ਜਦੋਂ ਪਿੰਡ ਦੇ ਗੁਰਦਵਾਰੇ ਤੋਂ ਜਾਰੀ ਹੋਈ ਸੂਚਨਾ ਨੂੰ ਸੁਣ ਕੇ ਉਹ ਘਟਨਾ ਸਥਾਨ 'ਤੇ ਪਹੁੰਚਿਆ ਤਾਂ ਬਾਕੀ ਖੇਤ ਵਿਚ ਲੱਗੀ ਅੱਗ ਮੱਠੀ ਪੈ ਚੁੱਕੀ ਸੀ ਤੇ ਜਿਸ ਸਥਾਨ ਤੋਂ ਅੱਗ ਭੜਕੀ ਸੀ ਉਸ ਸਥਾਨ 'ਤੇ ਅੱਗ ਦਾ ਵੱਡਾ ਅੰਗਾਰਾ ਉਸ ਨੇ ਫਾਵੜੇ ਦੇ ਨਾਲ ਬੂਝਾ ਦਿੱਤਾ, ਇਸ ਦੌਰਾਨ ਹੋਰ ਵੀ ਕਈ ਕਿਸਾਨ ਇਸ ਸਥਾਨ 'ਤੇ ਇਕੱਠੇ ਹੋ ਗਏ ਤਾਂ ਮੌਕੇ ਤੇ ਵੇਖਿਆ ਗਿਆ ਇਸ ਸਥਾਨ ਤੇ ਇਕ ਤੇਲ ਵਾਲੀ ਕੁੱਪੀ, ਗੋਹੇ ਦੀ ਪਾਥੀ ਦਾ ਟੁਕੜਾ ਅਤੇ ਕੋਲਡ ਡਰਿੰਕ ਦੀ ਛੋਟੀ ਬੋਤਲ ਜਿਸ ਵਿਚ ਠੰਢੇ ਦੀ ਥੋੜ੍ਹੀ ਮਾਤਰਾ ਵੀ ਸੀ, ਇਹ ਸਾਰਾ ਸਾਮਾਨ ਪੁਲਿਸ ਦੀ ਪੈਟਰੋਿਲੰਗ ਟੀਮ ਦੇ ਇੰਚਾਰਜ ਹਵਾਲਦਾਰ ਅਮਰਦੀਪ ਸਿੰਘ ਨੂੰ ਇਕ ਮੋਮੀ ਲਿਫ਼ਾਫ਼ੇ ਦੇ ਵਿਚ ਪੈਕ ਕਰਕੇ ਦੇ ਦਿੱਤਾ ਹੈ | ਜ਼ਮੀਨ ਦੇ ਮਾਲਕ ਕਿਸਾਨ ਰਾਕੇਸ਼ ਕੁਮਾਰ ਨੇ ਦੱਸਿਆ ਹੈ ਕਿ ਉਸ ਦੀ ਸਵਾ 6 ਕਿਲ੍ਹੇ ਕਣਕ ਦੀ ਖੜੀ ਫ਼ਸਲ ਵਿਚੋਂ ਸਵਾ ਤੋਂ ਡੇਢ ਕਿਲ੍ਹਾ ਕਣਕ ਸੜ ਕੇ ਸੁਆਹ ਹੋ ਗਈ ਹੈ, ਉਸ ਨੇ ਦੱਸਿਆ ਕਿ ਹਵਾ ਦੀ ਦਿਸ਼ਾ ਬਦਲ ਜਾਣ ਕਾਰਨ ਬਾਕੀ ਕਣਕ ਸੜਨ ਤੋਂ ਬੱਚ ਗਈ | ਪੀੜਤ ਕਿਸਾਨ ਰਾਕੇਸ਼ ਕੁਮਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਡੀ ਜੀ ਪੀ ਗੌਰਵ ਯਾਦਵ ਅਤੇ ਫ਼ਾਜ਼ਿਲਕਾ ਦੇ ਜ਼ਿਲ੍ਹਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ | ਉਨ੍ਹਾਂ ਨੇ ਦੱਸਿਆ ਹੈ ਇਸ ਮਾਮਲੇ ਨੂੰ ਲੈ ਕੇ ਇਕ ਸ਼ਿਕਾਇਤ ਪੱਤਰ ਮੰਡੀ ਦੀ ਪੁਲਿਸ ਚੌਕੀ ਦੇ ਮੁਲਾਜ਼ਮਾਂ ਨੂੰ ਦੇ ਦਿੱਤਾ ਗਿਆ ਹੈ |