ਜਲਾਲਾਬਾਦ, 19 ਅਪ੍ਰੈਲ (ਕਰਨ ਚੁਚਰਾ)-ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਹੈਰੋਇਨ ਬਰਾਮਦ ਕਰਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਸੀ ਕਿ ਜਸਵੰਤ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਚੱਕ ਬਜੀਦਾ ਦੇ ਖੇਤਾਂ ਵਿਚ ਕੋਈ ਪਾਬੰਦੀ ਸ਼ੁਦਾ ਪੈਕਟ ਪੀਲੀ ਟੇਪ ਨਾਲ ਲਪੇਟਿਆ ਹੋਇਆ ਪਿਆ ਹੈ, ਜਿਸ 'ਤੇ 2 ਛੋਟੀਆਂ ਪਾਈਪਾਂ ਵੀ ਲੱਗੀਆਂ ਹੋਈਆਂ ਹਨ | ਬੀ.ਐੱਸ.ਐਫ ਦੇ ਇੰਸਪੈਕਟਰ ਰਣਧੀਰ ਕੁਮਾਰ ਕੰਪਨੀ ਕਮਾਂਡਰ 65 ਬਟਾਲੀਅਨ ਸਮੇਤ ਸਾਥੀ ਕਰਮਚਾਰੀਆਂ ਦੇ ਪੁੱਜੇ ਅਤੇ ਪੁਲਿਸ ਪਾਰਟੀ ਨੇ ਬੀ.ਐੱਸ.ਐਫ ਦੇ ਕਰਮਚਾਰੀਆਂ ਨਾਲ ਰਲ ਕੇ ਸਰਚ ਆਪ੍ਰੇਸ਼ਨ ਚਲਾਇਆ | ਜਸਵੰਤ ਸਿੰਘ ਦੇ ਖੇਤਾਂ ਵਿਚੋਂ, ਜਿੱਥੇ ਪੱਕੀ ਕਣਕ ਦੀ ਫ਼ਸਲ ਦੀ ਕਟਾਈ ਕੀਤੀ ਹੋਈ ਸੀ, ਕਣਕ ਦੇ ਨਾੜ ਵਿਚੋਂ ਇਕ ਪੈਕਟ ਪੀਲੀ ਟੇਪ ਨਾਲ ਲਪੇਟਿਆ ਹੋਇਆ ਬਰਾਮਦ ਹੋਇਆ | ਜਿਸ ਪਰ ਦੋਨਾਂ ਪਾਸੇ ਪੈੱਨ ਨਾਲ 777 ਲਿਖਿਆ ਹੋਇਆ ਸੀ | ਪੈਕਟ ਨੂੰ ਕੱਟ ਕੇ ਚੈੱਕ ਕਰਨ 'ਤੇ ਉਸ ਵਿਚੋਂ 2 ਪਾਰਦਰਸ਼ੀ ਪਾਲੀਥੀਨ ਦੇ ਲਿਫ਼ਾਫ਼ਿਆਂ ਵਿਚ ਲਪੇਟੇ ਹੋਏ ਭੂਰੇ ਰੰਗ ਦੇ ਮੈਟੀਰੀਅਲ ਨੂੰ ਡਰੱਗ ਕਿਟ ਰਾਹੀ ਚੈੱਕ ਕੀਤਾ ਤਾਂ ਹੈਰੋਇਨ ਬਰਾਮਦ ਹੋਈ, ਜਿਸ ਦਾ ਵਜ਼ਨ 520 ਗਰਾਮ ਪਾਇਆ ਗਿਆ | ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |