ਫ਼ਿਰੋਜ਼ਪੁਰ, 23 ਅਪ੍ਰੈਲ (ਗੁਰਿੰਦਰ ਸਿੰਘ)-ਵਿਸ਼ਵ ਧਰਤੀ ਦਿਵਸ ਮੌਕੇ ਜੌਗਰਫ਼ੀ ਪੋਸਟ ਗ੍ਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਵਾਤਾਵਰਨ ਸੰਭਾਲ ਅਤੇ ਸਿੱਖਿਆ ਪ੍ਰਣਾਲੀ ਵਿਚ ਜੌਗਰਫ਼ੀ ਵਿਸ਼ੇ ਦੀ ਮਹੱਤਤਾ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਯੂਨੀਅਨ ਦੇ ਸਕੱਤਰ ਸ਼ਮਸ਼ੇਰ ਸਿੰਘ ਸ਼ੈਰੀ ਨੇ ਦੱਸਿਆ ਕਿ ਵਿਸ਼ਵ ਧਰਤੀ ਦਿਵਸ ਦੀ ਸ਼ੁਰੂਆਤ 1970 ਵਿਚ ਹੋਈ ਸੀ ਅਤੇ 2026 ਦਾ ਥੀਮ Tਆਪਣੀ ਤਾਕਤ, ਆਪਣਾ ਗ੍ਰਹਿUਹੈ, ਜੋ ਲੋਕ-ਭਾਗੀਦਾਰੀ ਰਾਹੀਂ ਵਾਤਾਵਰਨ ਸੁਰੱਖਿਆ 'ਤੇ ਜ਼ੋਰ ਦਿੰਦਾ ਹੈ | ਉਨ੍ਹਾਂ ਕਿਹਾ ਕਿ ਮਨੁੱਖ ਕੁਦਰਤੀ ਸਰੋਤਾਂ ਦੀ ਅਤਿ-ਵਰਤੋਂ ਕਰਕੇ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਿਹਾ ਹੈ, ਜਿਸ ਨੂੰ ਰੋਕਣ ਲਈ ਜਾਗਰੂਕਤਾ ਬਹੁਤ ਜ਼ਰੂਰੀ ਹੈ | ਲੈਕਚਰਾਰ ਮਨਦੀਪ ਸਿੰਘ ਨੇ ਗੁਰਬਾਣੀ ਦੇ ਉਪਦੇਸ਼ Tਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹੰਤUਨੂੰ ਉਧਰਿਤ ਕਰਦਿਆਂ ਕਿਹਾ ਕਿ ਮਨੁੱਖ ਨੂੰ ਕੁਦਰਤ ਨਾਲ ਸਾਂਝ ਬਣਾਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ | ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਸੰਧੂ ਨੇ ਭੂਮੀਗਤ ਪਾਣੀ ਦੇ ਘਟਦੇ ਪੱਧਰ 'ਤੇ ਚਿੰਤਾ ਜਤਾਈ ਅਤੇ ਦਰਿਆਈ ਪਾਣੀ ਦੇ ਬੇਤੁਕੇ ਪ੍ਰਬੰਧਾਂ ਨੂੰ ਇਸ ਦਾ ਕਾਰਨ ਦੱਸਿਆ | ਯੂਨੀਅਨ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਲਗਭਗ 2000 ਸੀਨੀਅਰ ਸੈਕੰਡਰੀ ਸਕੂਲਾਂ ਵਿਚ ਜੌਗਰਫ਼ੀ ਲੈਕਚਰਾਰਾਂ ਦੀਆਂ 13252 ਅਸਾਮੀਆਂ ਵਿਚੋਂ ਕੇਵਲ 357 ਹੀ ਮਨਜ਼ੂਰ ਹਨ, ਜਿਸ ਕਰਕੇ ਵੱਡੀ ਗਿਣਤੀ ਵਿਚ ਵਿਦਿਆਰਥੀ ਇਸ ਵਿਸ਼ੇ ਤੋਂ ਵਾਂਝੇ ਹਨ | ਇਸ ਦੇ ਉਲਟ ਹਰਿਆਣਾ ਅਤੇ ਰਾਜਸਥਾਨ ਵਿਚ ਹਰ ਸਕੂਲ ਵਿਚ ਇਹ ਵਿਸ਼ਾ ਪੜ੍ਹਾਇਆ ਜਾਂਦਾ ਹੈ | ਮੀਟਿੰਗ ਦੌਰਾਨ ਯੂਨੀਅਨ ਨੇ ਸਰਕਾਰ ਕੋਲ ਮੰਗ ਕੀਤੀ ਕਿ ਹਰੇਕ ਸੀਨੀਅਰ ਸੈਕੰਡਰੀ ਸਕੂਲ ਵਿਚ ਜੌਗਰਫ਼ੀ ਲੈਕਚਰਾਰ ਤਾਇਨਾਤ ਕੀਤੇ ਜਾਣ ਅਤੇ ਪੀ.ਐੱਮ. ਸ਼੍ਰਰੀ ਤੇ ਐਮੀਨੈਂਸ ਸਕੂਲਾਂ ਵਿਚ ਇਸ ਵਿਸ਼ੇ ਨੂੰ ਤਰਜੀਹ ਦਿੱਤੀ ਜਾਵੇ | ਆਗੂਆਂ ਨੇ ਬੈਨਰਾਂ ਰਾਹੀਂ ਵਾਤਾਵਰਨ ਸੰਭਾਲ ਦਾ ਸੰਦੇਸ਼ ਵੀ ਦਿੱਤਾ |