ਜ਼ੀਰਾ, 24 ਅਪ੍ਰੈਲ (ਪ੍ਰਤਾਪ ਸਿੰਘ ਹੀਰਾ)-ਸਾਂਝਾ ਅਧਿਆਪਕ ਮੋਰਚਾ ਦਾ ਇਕ ਵਫ਼ਦ ਨਵੀਨ ਸਚਦੇਵਾ, ਬਲਵਿੰਦਰ ਸਿੰਘ ਸੰਧੂ, ਬਲਵਿੰਦਰ ਸਿੰਘ ਭੁੱਟੋ, ਬਾਜ਼ ਸਿੰਘ ਭੁੱਲਰ, ਜਗਸੀਰ ਸਿੰਘ ਗਿੱਲ ਦੀ ਅਗਵਾਈ ਹੇਠ ਜਨਗਣਨਾ ਦੌਰਾਨ ਅਧਿਆਪਕਾਂ ਦੀਆਂ ਮੁਸ਼ਕਿਲਾਂ ਸਬੰਧੀ ਅਰਵਿੰਦਰਪਾਲ ਐਸ.ਡੀ.ਐਮ ਜ਼ੀਰਾ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਆਗੂਆਂ ਵਲੋਂ ਮੰਗ ਕੀਤੀ ਗਈ ਕਿ ਤਹਿਸੀਲ ਜ਼ੀਰਾ ਦੇ ਸਰਕਾਰੀ ਸਕੂਲਾਂ ਦਾ ਲਗਭਗ 90% ਸਟਾਫ਼ ਜਨਗਣਨਾ ਡਿਊਟੀ ਉੱਤੇ ਲਗਾਇਆ ਗਿਆ ਹੈ ਜੋ ਕਿ ਤਰਕ ਸੰਗਤ ਨਹੀਂ ਹੈ | ਸਕੂਲਾਂ ਵਿਚ ਵਿਦਿਆਰਥੀਆਂ ਦਾ ਨਵਾਂ ਸੈਸ਼ਨ ਸ਼ੁਰੂ ਹੋ ਗਿਆ ਹੈ ਅਤੇ ਵਿਦਿਆਰਥੀਆਂ ਦੇ ਦਾਖ਼ਲੇ ਵੀ ਚੱਲ ਰਹੇ ਹਨ | ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਕੇਵਲ 40% ਡਿਊਟੀਆਂ ਲਗਾਈਆਂ ਜਾਣ ਅਤੇ ਦੂਜੇ ਮਹਿਕਮਿਆਂ ਵਿਚੋਂ ਵੀ ਅਨੁਪਾਤ ਅਨੁਸਾਰ ਮੁਲਾਜ਼ਮ ਨਿਯੁਕਤ ਕੀਤੇ ਜਾਣ | ਉਨ੍ਹਾਂ ਦੱਸਿਆ ਕਿ ਸਕੂਲਾਂ ਦੇ ਸਟਾਫ਼ ਦੀਆਂ ਡਿਊਟੀਆਂ ਲਗਾਉਣ ਸਮੇਂ ਅਧਿਆਪਕ ਪਤੀ-ਪਤਨੀ ਦੀ ਡਿਊਟੀ ਵੀ ਲਗਾ ਦਿੱਤੀ ਗਈ ਹੈ | ਜਿਸ ਵਿਚ ਇਕ ਮੈਂਬਰ ਨੂੰ ਛੋਟ ਦਿੱਤੀ ਜਾਵੇ | ਜਨਗਣਨਾ ਡਿਊਟੀ ਦੌਰਾਨ ਅਧਿਆਪਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ | ਇਸ ਦੌਰਾਨ ਉਨ੍ਹਾਂ ਦੇ ਨਾਲ ਗੁਰਵਿੰਦਰ ਸਿੰਘ ਬਰਾੜ, ਹੈੱਡ-ਮਾਸਟਰ ਅਰਵਿੰਦਰ ਸਿੰਘ, ਗੁਰਸ਼ਾਮ ਸਿੰਘ, ਹਰਪਾਲ ਸਿੰਘ, ਜਗਜੀਤ ਸਿੰਘ ਆਦਿ ਅਧਿਆਪਕ ਆਗੂ ਹਾਜ਼ਰ ਸਨ |