ਫ਼ਿਰੋਜ਼ਪੁਰ, 24 ਅਪ੍ਰੈਲ (ਸੋਢੀ)-ਕਿਸਾਨੀ ਮੁੱਦਿਆਂ ਨੂੰ ਹਾਲ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) 'ਚ ਸ਼ਾਮਲ ਜਥੇਬੰਦੀਆਂ ਦੇ ਆਗੂਆਂ ਵਲੋਂ ਵਧੀਕ ਡੀ.ਸੀ ਫ਼ਿਰੋਜ਼ਪੁਰ ਨਾਲ ਮੁਲਾਕਾਤ ਕਰਕੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਵਾਲਾ ਮੰਗ ਪੱਤਰ ਸੌਂਪਿਆ | ਜਥੇਬੰਦੀ ਦੇ ਆਗੂਆਂ ਨੇ ਮੰਗ ਪੱਤਰ ਵਿਚਲੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਮਾਰਚ ਅਤੇ ਅਪ੍ਰੈਲ ਦੇ ਮਹੀਨਿਆਂ ਦੌਰਾਨ ਮੀਂਹ, ਝੱਖੜ, ਗੜੇਮਾਰੀ ਅਤੇ ਅੱਗ ਕਾਰਨ ਲੱਖਾਂ ਏਕੜ ਫਸਲਾਂ ਦਾ ਨੁਕਸਾਨ ਹੋਇਆ ਹੈ | ਜਿਸ ਦੇ ਚੱਲਦੇ ਪੰਜਾਬ ਸਰਕਾਰ ਨੇ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਹਨ, ਪਰ ਜ਼ਿਆਦਾਤਰ ਇਲਾਕਿਆਂ ਵਿਚ ਇਹ ਨਹੀਂ ਕੀਤੀ ਗਈ ਅਤੇ ਕਿਸਾਨਾਂ ਨੇ ਆਪਣੀਆਂ ਫਸਲਾਂ ਦੀ ਕਟਾਈ ਕਰ ਲਈ ਹੈ | ਉਨ੍ਹਾਂ ਕਿਹਾ ਕਿ ਜਥੇਬੰਦੀਆਂ ਵਲੋਂ ਮੰਗ ਕੀਤੀ ਜਾਂਦੀ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਝਾੜ ਦੇ ਅਨੁਸਾਰ 100 ਪ੍ਰਤਿਸ਼ਤ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿਸਾਨ ਅਗਲੀਆਂ ਫਸਲਾਂ ਦੀ ਬਿਜਾਈ ਲਈ ਆਪਣੇ ਆਪ ਨੂੰ ਤਿਆਰ ਕਰ ਸਕਣ | ਇਸ ਮੌਕੇ ਭਾਕਿਯੂ ਏਕਤਾ ਮਝੈਲ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਫੁੱਲਰਵਨ, ਸੂਬਾ ਮੀਤ ਪ੍ਰਧਾਨ ਹੀਰਾ ਸਿੰਘ ਗੁਰਦਿੱਤੀ ਵਾਲਾ, ਰਣਜੀਤ ਸਿੰਘ ਬਲਾਕ ਪ੍ਰਧਾਨ ਸ਼ਹਿਰੀ, ਬੋਹੜ ਸਿੰਘ, ਸਾਹਿਬ ਸਿੰਘ ਪੀਰ ਕੇ ਖਾਨਗੜ੍ਹ, ਕਰਨੈਲ ਸਿੰਘ ਜ਼ਿਲ੍ਹਾ ਆਗੂ ਕੋਟ ਬੁੱਢਾ ਸੰਘਰਸ਼ ਕਮੇਟੀ ਪੰਜਾਬ, ਕਰਨੈਲ ਸਿੰਘ ਭੋਲਾ ਜਨਰਲ ਸਕੱਤਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ, ਸੁਖਦੇਵ ਸਿੰਘ ਨੂਰਪੁਰ ਜ਼ੀਰਾ ਜ਼ੋਨ ਪ੍ਰਧਾਨ, ਨਿਰਮਲ ਸਿੰਘ ਨੂਰਪੁਰ, ਵਿਰਸਾ ਸਿੰਘ ਨੂਰਪੁਰ ਆਦਿ ਹਾਜ਼ਰ ਸਨ |