ਜਲਾਲਾਬਾਦ, 25 ਅਪ੍ਰੈਲ (ਕਰਨ ਚੁਚਰਾ)-ਸਥਾਨਕ ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਜਲਾਲਾਬਾਦ ਪੱਛਮੀ ਵਿਖੇ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਸ਼ੋਕ ਕੁਮਾਰ ਅਨੇਜਾ, ਪ੍ਰਧਾਨ ਪ੍ਰਦੀਪ ਚੁੱਘ, ਖ਼ਜ਼ਾਨਚੀ ਚੰਦਰ ਸ਼ੇਖਰ ਗੁੰਬਰ ਅਤੇ ਸਿੱਖਿਆ ਸ਼ਾਸਤਰੀ ਗੁਰਬਖ਼ਸ਼ ਸਿੰਘ ਖੁਰਾਨਾ ਦੀ ਸਰਪ੍ਰਸਤੀ ਹੇਠ 'ਐਲੂਮਨੀ ਮੀਟ' ਕਰਵਾਈ ਗਈ | ਪਿ੍ੰਸੀਪਲ ਡਾ. ਨੀਤਿਕਾ ਦੀ ਯੋਗ ਅਗਵਾਈ ਹੇਠ ਹੋਏ ਇਸ ਸਮਾਗਮ ਵਿਚ ਬੈਚ 2023-25 ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਣ ਨਾਲ ਕੀਤੀ ਗਈ | ਕਾਲਜ ਪ੍ਰਬੰਧਕਾਂ ਅਤੇ ਸਟਾਫ਼ ਵਲੋਂ ਪਹੁੰਚੇ ਹੋਏ ਪੁਰਾਣੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਦੌਰਾਨ ਵਿਦਿਆਰਥੀਆਂ ਨੇ ਗੀਤ, ਘੋੜੀਆਂ ਅਤੇ ਸ਼ਾਇਰੀ ਰਾਹੀਂ ਆਪਣੇ ਕੈਂਪਸ ਦੇ ਦਿਨਾਂ ਦੀਆਂ ਪੁਰਾਣੀਆਂ ਯਾਦਾਂ ਅਤੇ ਤਜਰਬੇ ਸਾਂਝੇ ਕੀਤੇ | ਪਿ੍ੰਸੀਪਲ ਡਾ.ਨੀਤਿਕਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਪੁਰਾਣੇ ਵਿਦਿਆਰਥੀ ਆਪਣੀ ਸੰਸਥਾ ਨਾਲ ਜੁੜੇ ਰਹਿੰਦੇ ਹਨ ਤਾਂ ਇਹ ਕਿਸੇ ਵੀ ਕਾਲਜ ਲਈ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਪ੍ਰੇਰਿਤ ਕੀਤਾ ਕਿ ਉਹ ਜੀਵਨ ਵਿਚ ਤਰੱਕੀ ਕਰਨ ਅਤੇ ਆਪਣੇ ਕਾਲਜ ਦਾ ਨਾਂ ਰੌਸ਼ਨ ਕਰਨ |