ਜ਼ੀਰਾ, 25 ਅਪ੍ਰੈਲ (ਰਜਨੀਸ਼ ਕਥੂਰੀਆ)- ਕੋਟ ਈਸੇ ਖਾਂ ਰੋਡ ਜ਼ੀਰਾ ਨਿਵਾਸੀ ਇਕ ਡਾਕਟਰ ਦੀ ਕੁਝ ਦਿਨ ਪਹਿਲਾਂ ਕੁੱਟਮਾਰ ਕਰਨ ਤੇ ਉਸ ਦੀ ਥਾਣਾ ਸਿਟੀ ਜ਼ੀਰਾ ਵਿਖੇ ਰਿਪੋਰਟ ਦਰਜ ਕਰਵਾਉਣ ਤੇ ਦੋਸ਼ੀਆਂ ਵਲੋਂ ਉਸਨੂੰ ਦੁਬਾਰਾ ਫਿਰ ਘੇਰ ਕੇ ਕੁੱਟਮਾਰ ਕੀਤੇ ਜਾਣ ਦੀ ਖ਼ਬਰ ਹੈ | ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿਚ ਡਾ. ਮੁਕੇਸ਼ ਬਤਰਾ ਪੁੱਤਰ ਜੈ ਬਤਰਾ ਵਾਸੀ ਕੋਟ ਈਸੇ ਖਾਂ ਰੋਡ ਜ਼ੀਰਾ ਨੇ ਦੱਸਿਆ ਕਿ ਮਿਤੀ 31-03-2026 ਨੂੰ ਦੋਸ਼ੀਆਨ ਸੁਖਵਿੰਦਰ ਸਿੰਘ ਉਰਫ਼ ਸੋਨੂੰ ਪੁੱਤਰ ਟਹਿਲ ਸਿੰਘ ਵਾਸੀ ਕੋਟ ਈਸੇ ਖਾਂ ਰੋਡ ਜ਼ੀਰਾ ਅਤੇ ਗੁਰਭੇਜ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਰੱਖੜੀ ਖੁਸ਼ਹਾਲ ਸਿੰਘ ਵਾਲਾ ਥਾਣਾ ਸਦਰ ਫ਼ਿਰੋਜ਼ਪੁਰ ਨੇ ਮੇਰੀ ਕੁੱਟਮਾਰ ਕੀਤੀ ਸੀ | ਜਿਸ ਦੀ ਥਾਣਾ ਸਿਟੀ ਜ਼ੀਰਾ ਵਿਖੇ ਰਿਪੋਰਟ ਦਰਜ ਕਰਵਾਈ ਗਈ ਸੀ | ਡਾ. ਮੁਕੇਸ਼ ਬਤਰਾ ਨੇ ਅੱਗੇ ਦੱਸਿਆ ਕਿ ਇਸ ਗੱਲ ਦੀ ਰੰਜਸ਼ ਰੱਖਦਿਆਂ ਉਕਤ ਦੋਸ਼ੀਆਂ ਨੇ ਕੋਟ ਈਸੇ ਖਾ ਰੋਡ ਜ਼ੀਰਾ ਵਿਖੇ ਉਸ ਨੂੰ ਘੇਰ ਕੇ ਦੁਬਾਰਾ ਫਿਰ ਕੁੱਟਮਾਰ ਕੀਤੀ ਹੈ | ਡਾ. ਮੁਕੇਸ਼ ਬਤਰਾ ਦੇ ਬਿਆਨ ਦੇ ਆਧਾਰ 'ਤੇ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਉਕਤ ਦੋਸ਼ੀਆਂ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |