ਗੁਰੂਹਰਸਹਾਏ, 25 ਅਪ੍ਰੈਲ (ਕਪਿਲ ਕੰਧਾਰੀ)-ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦਾ ਜੀਣਾ ਮੁਸ਼ਕਲ ਬਣਾ ਦਿੱਤਾ ਹੈ | ਇਸ ਦੇ ਨਾਲ ਹੀ ਬਿਜਲੀ ਵਿਭਾਗ ਵਲੋਂ ਲਗਾਤਾਰ ਲਗਾਏ ਜਾ ਰਹੇ ਅਣਗਿਣਤ ਬਿਜਲੀ ਕੱਟਾਂ ਨੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ | ਸਥਾਨਕ ਲੋਕਾਂ ਨੇ ਦੱਸਿਆ ਕਿ ਦਿਨ ਹੋਵੇ ਜਾਂ ਰਾਤ, ਬਿਜਲੀ ਦੇ ਲੰਬੇ-ਲੰਬੇ ਕੱਟ ਲਗਾਏ ਜਾ ਰਹੇ ਹਨ, ਜਿਸ ਨਾਲ ਨਾ ਸਿਰਫ਼ ਉਨ੍ਹਾਂ ਦੇ ਰੋਜ਼ਾਨਾ ਦੇ ਕੰਮ ਕਾਜ ਪ੍ਰਭਾਵਿਤ ਹੋ ਰਹੇ ਹਨ, ਸਗੋਂ ਗਰਮੀ ਦੇ ਇਸ ਮੌਸਮ ਵਿਚ ਜੀਣਾ ਵੀ ਅÏਖਾ ਹੋ ਗਿਆ ਹੈ | ਲੋਕਾਂ ਨੇ ਦੱਸਿਆ ਕਿ ਬਿਜਲੀ ਵਿਭਾਗ ਵਲੋਂ ਹਰ ਰੋਜ਼ ਸ਼ਾਮ ਨੂੰ 6 ਵਜੇ ਬਿਜਲੀ ਦਾ ਕੱਟ ਲਗਾ ਦਿੱਤਾ ਜਾਂਦਾ ਹੈ, ਜੋ ਕਿ ਰਾਤ ਦੇ 2 ਵਜੇ ਤੱਕ ਜਾਰੀ ਰਹਿੰਦਾ ਹੈ | ਇਸ ਦੇ ਨਾਲ ਜਿੱਥੇ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਛੋਟੇ-ਛੋਟੇ ਬੱਚੇ ਬਿਜਲੀ ਨਾ ਆਉਣ ਕਰਕੇ ਚੈਨ ਨਾਲ ਸੌਂ ਵੀ ਨਹੀਂ ਪਾਉਂਦੇ ਅਤੇ ਨੀਂਦ ਨਾ ਪੂਰੀ ਹੋਣ ਕਰਕੇ ਸਵੇਰ ਸਮੇਂ ਸਕੂਲ ਜਾਣ ਲੱਗਿਆਂ ਵੀ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਸਬੰਧੀ ਜਦੋਂ ਕਿਸੇ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਗੁਰੂਹਰਸਹਾਏ ਹਲਕੇ ਵਿਚ ਬਿਜਲੀ ਚੋਰੀ ਦੇ ਮਾਮਲੇ ਵੱਧ ਹੋਣ ਕਰਕੇ ਮਜਬੂਰਨ ਕੱਟ ਲਗਾਏ ਜਾ ਰਹੇ ਹਨ | ਦੂਜੇ ਪਾਸੇ, ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਜੋ ਲੋਕ ਨਿਯਮਿਤ ਤੌਰ 'ਤੇ ਬਿਜਲੀ ਦੇ ਬਿਲ ਭਰ ਰਹੇ ਹਨ, ਉਨ੍ਹਾਂ ਨੂੰ ਸਜ਼ਾ ਕਿਉਂ ਮਿਲ ਰਹੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਬਿਜਲੀ ਚੋਰੀ ਨੂੰ ਰੋਕਣਾ ਵਿਭਾਗ ਦੀ ਜ਼ਿੰਮੇਵਾਰੀ ਹੈ, ਨਾ ਕਿ ਇਮਾਨਦਾਰ ਖਪਤਕਾਰਾਂ ਨੂੰ ਪਰੇਸ਼ਾਨ ਕਰਨਾ | ਲੋਕਾਂ ਨੇ ਬਿਜਲੀ ਵਿਭਾਗ ਕੋਲੋਂ ਮੰਗ ਕੀਤੀ ਹੈ ਕਿ ਖਾਸ ਕਰਕੇ ਰਾਤ ਦੇ ਸਮੇਂ ਲਗਾਏ ਜਾਣ ਵਾਲੇ ਬਿਜਲੀ ਕੱਟ ਤੁਰੰਤ ਬੰਦ ਕੀਤੇ ਜਾਣ, ਤਾਂ ਜੋ ਉਹ ਗਰਮੀ ਵਿੱਚ ਕੁਝ ਰਾਹਤ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕਣ |