ਮਮਦੋਟ, 25 ਅਪ੍ਰੈਲ(ਸੰਗਮ)-ਸਿਹਤ ਵਿਭਾਗ ਮਮਦੋਟ ਦੀ ਟੀਮ ਵਲੋਂ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਮੀਨਾਕਸ਼ੀ ਅਬਰੋਲ ਦੀਆਂ ਹਦਾਇਤਾਂ ਤੇ ਵਿਸ਼ਵ ਮਲੇਰੀਆਂ ਦਿਵਸ ਤੇ ਸੀਨੀਅਰ ਸੈਕੰਡਰੀ ਸਕੂਲ ਪਿੰਡ ਲੱਖਾ ਹਾਜੀ ਵਿਖੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਸਿਵਲ ਹਸਪਤਾਲ ਮਮਦੋਟ ਦੇ ਕਰਮਚਾਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਮਲੇਰੀਆ ਬੁਖ਼ਾਰ ਮਾਦਾ ਮੱਛਰ ਐਨਾਫ਼ਲੀਜ ਦੇ ਕੱਟਣ ਨਾਲ ਹੁੰਦਾ ਹੈ ਜੋ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਅਕਸਰ ਘਰਾਂ ਵਿਚ ਪਏ ਵਾਧੂ ਕਬਾੜ,ਫ਼ਾਲਤੂ ਟਾਇਰਾਂ ਆਲੇ-ਦੁਆਲੇ ਦੇ ਟੋਇਆਂ ਅਤੇ ਪਾਣੀ ਦੀਆਂ ਹੌਦੀਆਂ ਦੀ ਸਮੇਂ ਸਿਰ ਸਫ਼ਾਈ ਨਾਂ ਹੋਣਾ ਇਹ ਮੱਛਰ ਨੂੰ ਪੈਦਾ ਕਰਦਾ ਹੈ | ਇਸ ਬੁਖ਼ਾਰ ਦੀਆਂ ਸਿਰ ਦਰਦ, ਕਾਂਬਾ ਲੱਗਣਾ, ਜੀਅ ਕੱਚਾ-ਕੱਚਾ ਅਤੇ ਤੇਜ਼ ਬੁਖ਼ਾਰ ਹੋ ਜਾਣਾ ਮੁਢਲਿਆਂ ਨਿਸ਼ਾਨਿਆਂ ਹਨ | ਉਨ੍ਹਾਂ ਨੇ ਲੋਕਾਂ ਅਤੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਕਤ ਅਲਾਮਤਾਂ ਸਾਹਮਣੇ ਆਉਣ ਤੇ ਤੁਰੰਤ ਨੇੜੇ ਦੇ ਹਸਪਤਾਲ ਵਿਚ ਖ਼ੂਨ ਦੀ ਜਾਚ ਕਰਵਾ ਦੇ ਇਲਾਜ ਕਰਵਾਇਆ ਜਾਵੇ |