ਗੁਰੂਹਰਸਹਾਏ, 25 ਅਪ੍ਰੈਲ (ਕਪਿਲ ਕੰਧਾਰੀ)-ਸ਼ਹਿਰ ਵਿਚ ਚੋਰੀ ਦੀਆਂ ਵਾਰਦਾਤਾਂ ਦਿਨੋਂ-ਦਿਨ ਵਧ ਰਹੀਆਂ ਹਨ ਅਤੇ ਚੋਰ ਬਿਨਾਂ ਕਿਸੇ ਡਰ ਦੇ ਇਹ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ | ਇਸ ਦੀ ਤਾਜ਼ਾ ਮਿਸਾਲ ਬੀਤੀ ਰਾਤ ਦੇਖਣ ਨੂੰ ਮਿਲੀ, ਜਦ ਅਣਪਛਾਤੇ ਚੋਰਾਂ ਵਲੋਂ ਇਕ ਯਾਰਡ ਵਿਚ ਪਏ ਲਗਭਗ 67 ਕਣਕ ਦੇ ਗੱਟੇ ਚੋਰੀ ਕਰ ਲਏ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪ੍ਰੇਮ ਕੁਮਾਰ ਸਚਦੇਵਾ, ਸਾਜਨ ਸਚਦੇਵਾ,ਗੌਰਵ ਸਚਦੇਵਾ ਨੇ ਦੱਸਿਆ ਕਿ ਉਹ Tਰਾਮਦਾਸ ਐਂਡ ਕੰਪਨੀUਦੇ ਨਾਮ ਹੇਠ ਆੜ੍ਹਤ ਦਾ ਕੰਮ ਕਰਦਾ ਹੈ | ਉਨ੍ਹਾਂ ਦਾ ਯਾਰਡ ਗੋਲੂ ਕਾ ਰੋਡ ਸਾਹਮਣੇ ਰੋਹਿਤ ਵੋਹਰਾ ਦੇ ਸ਼ੈਲਰ ਕੋਲ ਸਥਿਤ ਹੈ | ਉਸ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਯਾਰਡ ਦੀ ਚਾਰਦੀਵਾਰੀ ਵਿਚ ਸੰਨ ਲਾ ਕੇ ਅੰਦਰ ਦਾਖਲ ਹੋ ਕੇ ਕਣਕ ਦੇ 67 ਗੱਟੇ ਚੋਰੀ ਕਰ ਲਏ | ਉਨ੍ਹਾਂ ਹੋਰ ਦੱਸਿਆ ਕਿ ਚੋਰ ਪਿਕਅਪ ਬਲੈਰੋ ਗੱਡੀ 'ਤੇ ਆਏ ਸਨ | ਜਦ ਉੱਥੇ ਤੈਨਾਤ ਠੇਕੇਦਾਰ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ, ਤਾਂ ਉਸ ਨੇ ਤੁਰੰਤ ਫ਼ੋਨ ਰਾਹੀਂ ਉਨ੍ਹਾਂ ਨੂੰ ਜਾਣਕਾਰੀ ਦਿੱਤੀ | ਇਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ, ਪਰ ਉਨ੍ਹਾਂ ਨੂੰ ਦੇਖਦੇ ਹੀ ਚੋਰ ਗੱਡੀ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕਰੀਬ ਇੱਕ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਚੋਰੀ ਦੀ ਘਟਨਾ ਸਬੰਧੀ ਸਮਾ ਰਹਿੰਦੇ ਠੇਕੇਦਾਰ ਨੂੰ ਪਤਾ ਨਾ ਚੱਲਦਾ ਤਾਂ ਉਨ੍ਹਾਂ ਦਾ ਹੋਰ ਭਾਰੀ ਨੁਕਸਾਨ ਹੋਣਾ ਸੀ ਉਨ੍ਹਾਂ ਨੇ ਦੱਸਿਆ ਕਿ ਚੋਰੀ ਨਾ ਹੋਵੇ ਇਸ ਕਰਕੇ ਉਨ੍ਹਾਂ ਨੇ ਚਾਰ ਦੀਵਾਰੀ ਕਰਵਾਈ ਹੋਈ ਹੈ, ਪਰੰਤੂ ਚੋਰਾਂ ਵਲੋਂ ਫਿਰ ਵੀ ਚੋਰੀ ਵੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜੋ ਕਿ ਬੜੀ ਹੈਰਾਨੀ ਜਨਕ ਗੱਲ ਹੈ | ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਨਾਲ ਲੱਗੇ ਦੁਕਾਨ ਤੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਉਸ ਵਿਚ ਬਲੈਰੋ ਗੱਡੀ ਦਿਖਾਈ ਦੇ ਰਹੀ ਹੈ | ਪੀੜਤ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਥਾਣਾ ਮੁਖੀ ਜਗਦੀਪ ਸਿੰਘ ਨੂੰ ਲਿਖਿਤ ਸ਼ਿਕਾਇਤ ਦੇ ਦਿੱਤੀ ਗਈ ਹੈ | ਉਸ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਸੀਸੀਟੀਵੀ ਫੁਟੇਜ ਖੰਘਾਲ ਕੇ ਚੋਰੀ ਹੋਇਆ ਸਮਾਨ ਬਰਾਮਦ ਕੀਤਾ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ |