ਬੱਲੂਆਣਾ, 26 ਅਪ੍ਰੈਲ (ਜਸਮੇਲ ਸਿੰਘ ਢਿੱਲੋਂ)-ਭਾਵੇਂ ਵਾਰੋ ਵਾਰੀ ਰਹੀਆਂ ਸਰਕਾਰਾਂ ਆਪਣੇ ਵਿਕਾਸ ਕਾਰਜਾਂ ਦਾ ਹਮੇਸ਼ਾ ਢੰਡੋਰਾ ਪਿੱਟਦੀਆਂ ਹਨ ਪਰ 78 ਸਾਲ ਬੀਤ ਜਾਣ 'ਤੇ ਵੀ ਅਜੇ ਤੱਕ ਬੱਲੂਆਣਾ ਹਲਕੇ ਦੇ ਕਈ ਪਿੰਡਾਂ ਵਿਚ ਗਲੀਆਂ ਦੀ ਹਾਲਤ ਬਹੁਤ ਹੀ ਮਾੜੀ ਹੈ | ਜੇਕਰ ਹਲਕੇ ਦੇ ਪਿੰਡ ਬਜੀਦਪੁਰ ਭੋਮਾ ਦੀ ਗੱਲ ਕਰੀਏ ਤਾਂ ਇਸ ਪਿੰਡ ਦੀਆਂ ਇੱਕਾ ਦੁੱਕਾ ਗਲੀਆਂ ਦੀ ਸਥਿਤੀ ਅਜੇ ਵੀ ਬਹੁਤ ਮਾੜੀ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਬਲਜੀਤ ਸਿੰਘ ਸਾਬਕਾ ਸੁਸਾਇਟੀ ਪ੍ਰਧਾਨ ਦੇ ਘਰ ਤੋਂ ਲੈ ਕੇ ਮੌਜੂਦਾ ਪੰਚਾਇਤ ਮੈਂਬਰ ਮੇਵਾ ਸਿੰਘ ਦੇ ਘਰ ਤੱਕ ਜਾਂਦੀ ਗਲੀ ਦੀ ਹਾਲਤ ਬਹੁਤ ਹੀ ਤਰਸਯੋਗ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਉਕਤ ਗਲੀ ਦੋਨਾਂ ਪਾਸਿਆਂ ਤੋਂ ਪੱਕੀ ਬਣੀ ਹੋਈ ਹੈ ਪਰ ਵਿਚਾਲੇ ਕੱਚੀ ਪਈ ਹੈ | ਲੱਗਦਾ ਇੰਜ ਹੈ ਜਿਵੇਂ ਗਲੀ ਰਾਜਨੀਤੀ ਦੀ ਭੇਟ ਚੜ੍ਹੀ ਹੋਵੇ ਕਿ ਦੋਨਾਂ ਪਾਸਿਆਂ ਤੋਂ ਤਾਂ ਬਣੀ ਗਈ ਪਰ ਵਿਚਾਲੇ ਕੱਚੀ ਪਈ ਹੈ | ਪਿੰਡ ਦੇ ਮੋਹਤਬਾਰ ਵਿਅਕਤੀਆਂ ਨੇ ਦੱਸਿਆ ਕਿ ਅਸਲ ਵਿਚ ਪਾਣੀ ਦੀ ਨਿਕਾਸੀ ਦਾ ਰੋਲਾ ਹੋਣ ਕਾਰਨ ਇਹ ਗਲੀ ਨਹੀਂ ਬਣ ਸਕੀ | ਕੁੱਝ ਲੋਕ ਇਕ ਪਾਸਿਓ ਨਿਕਾਸੀ ਚਾਹੁੰਦੇ ਹਨ ਅਤੇ ਕੁੱਝ ਘਰ ਦੂਜੇ ਪਾਸੇ ਤੋਂ | ਫਿਰ ਵੀ ਪਿੰਡ ਵਾਸੀਆਂ ਦੀ ਸਬੰਧਿਤ ਮਹਿਕਮੇ ਤੋਂ ਪੁਰਜ਼ੋਰ ਮੰਗ ਹੈ ਕਿ ਉਕਤ ਗਲੀ ਨੂੰ ਪੱਕਿਆਂ ਕੀਤਾ ਜਾਵੇ |