ਫਿਰੋਜ਼ਪੁਰ, 26 ਅਪ੍ਰੈਲ (ਸੁਖਵਿੰਦਰ ਸਿੰਘ)-ਜੱਸਾ ਸਿੰਘ ਰਾਮਗੜ੍ਹੀਆ ਸੁਸਾਇਟੀ ਭਾਰਤ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਸਰਗਰਮ ਅਹੁਦੇਦਾਰਾਂ ਨੂੰ ਮਾਨ-ਸਨਮਾਨ ਦਿੰਦੇ ਹੋਏ ਮਹੱਤਵਪੂਰਨ ਨਿਯੁਕਤੀਆਂ ਕੀਤੀਆਂ ਗਈਆਂ | ਇਸੇ ਤਹਿਤ ਵਿਸ਼ਵ ਭਾਈ ਮਰਦਾਨਾ ਯਾਦਗਾਰ ਕੀਰਤਨ ਦਰਬਾਰ ਸੁਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਭੁੱਲਰ ਨੂੰ ਪੰਜਾਬ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ ਨਾਲ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵਲੋਂ ਜਗਜੀਤ ਸਿੰਘ ਭੁੱਲਰ ਨੂੰ ਵਧਾਈ ਦਿੱਤੀ ਜਾ ਰਹੀ ਹੈ | ਲੋਕਾਂ ਨੇ ਆਸ ਜਤਾਈ ਹੈ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਲਗਨ ਨਾਲ ਨਿਭਾਉਂਦੇ ਹੋਏ ਸਮਾਜ ਦੀ ਭਲਾਈ ਲਈ ਹੋਰ ਵੀ ਵੱਡੇ ਪੱਧਰ 'ਤੇ ਕੰਮ ਕਰਨਗੇ | ਇਸ ਮੌਕੇ ਜੱਸਾ ਸਿੰਘ ਰਾਮਗੜ੍ਹੀਆ ਸੁਸਾਇਟੀ ਭਾਰਤ ਦੇ ਪੰਜਾਬ ਪ੍ਰਧਾਨ ਹਰਭਜਨ ਸਿੰਘ ਦੜਿਆਲਾ ਨੇ ਜਗਜੀਤ ਸਿੰਘ ਭੁੱਲਰ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ | ਇਸ ਸਮੇਂ ਜਨਰਲ ਸਕੱਤਰ ਸੁਖਮਿੰਦਰ ਸਿੰਘ ਜੱਬਲ, ਰਾਮਗੜ੍ਹੀਆ ਆਗੂ ਦਵਿੰਦਰ ਸਿੰਘ ਕਲਸੀ, ਵਾਈਸ ਪ੍ਰਧਾਨ ਪੰਜਾਬ ਨਿਰਵੈਰ ਸਿੰਘ ਅਤੇ ਹੋਰ ਰਾਮਗੜ੍ਹੀਆ ਆਗੂ ਨਾਲ ਹਾਜ਼ਰ ਸਨ | ਜਗਜੀਤ ਸਿੰਘ ਭੁੱਲਰ ਨੇ ਰਾਮਗੜ੍ਹੀਆ ਸੁਸਾਇਟੀ ਦਾ ਵਾਈਸ ਪ੍ਰਧਾਨ ਬਣਨ ਤੇ ਰਾਮਗੜ੍ਹੀਆ ਸੁਸਾਇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ ਅਤੇ ਸਮਾਜ ਸੇਵਾ ਦੇ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਜੱਸਾ ਸਿੰਘ ਰਾਮਗੜ੍ਹੀਆ ਸੁਸਾਇਟੀ ਭਾਰਤ ਹਮੇਸ਼ਾ ਹੀ ਸਮਾਜਿਕ ਏਕਤਾ ਅਤੇ ਭਲਾਈ ਦੇ ਕੰਮਾਂ ਵਿਚ ਅੱਗੇ ਰਹੀ ਹੈ ਅਤੇ ਉਹ ਵੀ ਇਸ ਮਿਸ਼ਨ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹਨ |